ਪੱਤਰ ਪ੍ਰੇਰਕ
ਫਰੀਦਾਬਾਦ, 31 ਅਗਸਤ
ਮਾਈਨਿੰਗ ਦੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ ਤੇ ਜ਼ਿਲ੍ਹੇ ਵਿੱਚ ਨਾਜਾਇਜ਼ ਖਣਨ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪੁਲੀਸ, ਮਾਈਨਿੰਗ ਵਿਭਾਗ, ਆਰਟੀਏ ਅਤੇ ਹੋਰ ਸਾਰੇ ਵਿਭਾਗਾਂ ਨੂੰ ਤਾਲਮੇਲ ਨਾਲ ਕੰਮ ਕਰਨ, ਬਾਕਾਇਦਾ ਸਮੀਖਿਆ ਕਰਨ ਤੇ ਰਿਪੋਰਟ ਪੇਸ਼ ਕਰਨ ਦਿਸ਼ਾ-ਨਿਰਦੇਸ਼ ਦਿੱਤੇ। ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ (ਮਾਈਨਿੰਗ) ਦੀ ਮੀਟਿੰਗ ਦੌਰਾਨ ਜ਼ਿਲ੍ਹਾ ਮਾਈਨਿੰਗ ਅਫ਼ਸਰ ਬਲਰਾਮ ਸਿੰਘ ਨੇ ਦੱਸਿਆ ਕਿ ਐਨਜੀਟੀ ਦੇ ਹੁਕਮਾਂ ਅਨੁਸਾਰ ਯਮੁਨਾ ਖੇਤਰ ਵਿੱਚ ਮਾਈਨਿੰਗ ਦੇ ਕੰਮ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਫਰੀਦਾਬਾਦ ਜ਼ਿਲ੍ਹੇ ਵਿੱਚ 182 ਸਟੋਨ ਕਰੱਸ਼ਰ ਹਨ ਜੋ ਪਾਲੀ, ਮੁਹੱਬਤਾਬਾਦ ਤੇ ਧੌਜ ਵਿੱਚ ਸਥਿਤ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਦਿੱਲੀ ਦੀ ਹੱਦ ਦੇ ਪੰਜ ਕਿਲੋਮੀਟਰ ਦੇ ਘੇਰੇ ਅੰਦਰ ਮਾਈਨਿੰਗ ਦੇ ਕੰਮਾਂ ’ਤੇ ਮੁਕੰਮਲ ਪਾਬੰਦੀ ਲਾ ਕੇ 95 ਸਟੋਨ ਕਰੱਸ਼ਰ ਬੰਦ ਕਰ ਦਿੱਤੇ ਗਏ ਹਨ। ਇਸ ਸਮੇਂ ਜ਼ਿਲ੍ਹੇ ਵਿੱਚ 87 ਸਟੋਨ ਕਰੱਸ਼ਰ ਕੰਮ ਕਰਨ ਦੀ ਹਾਲਤ ਵਿੱਚ ਹਨ। ਇਨ੍ਹਾਂ ਸਟੋਨ ਕਰੱਸ਼ਰਾਂ ‘ਤੇ ਰਾਜਸਥਾਨ ਅਤੇ ਹਰਿਆਣਾ ਦੇ ਨਾਰਨੌਲ ਅਤੇ ਭਿਵਾਨੀ ਤੋਂ ਪੱਥਰ ਲਿਆ ਕੇ ਕਰੈਸ਼ਰ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਰੀਦਾਬਾਦ ਵਿੱਚ 31 ਅਗਸਤ 2019 ਤੋਂ 30 ਅਗਸਤ 2022 ਤੱਕ ਵੱਖ-ਵੱਖ ਥਾਣਿਆਂ ਅਤੇ ਚੌਕੀਆਂ ਵਿੱਚ 33 ਕੇਸ ਦਰਜ ਕੀਤੇ ਗਏ ਹਨ ਅਤੇ 549 ਵਾਹਨ ਗੈਰਕਾਨੂੰਨੀ ਮਾਈਨਿੰਗ ਕਰਦੇ ਫੜੇ ਗਏ ਹਨ ਅਤੇ 360 ਵਾਹਨਾਂ ਨੂੰ ਵਾਤਾਵਰਨ ਮੁਆਵਜ਼ਾ ਤੇ ਖਣਿਜ ਰਾਇਲਟੀ ਅਤੇ ਜੁਰਮਾਨਾ ਵਸੂਲਿਆ ਗਿਆ ਹੈ।