ਪੱਤਰ ਪ੍ਰੇਰਕ
ਫਰੀਦਾਬਾਦ, 14 ਜੁਲਾਈ
ਟਰਾਂਸਪੋਰਟ ਵਿਭਾਗ ਹਰਿਆਣਾ ਦੇ ਪ੍ਰਮੁੱਖ ਸਕੱਤਰ ਆਈਪੀਐੱਸ ਨਵਦੀਪ ਵਿਰਕ ਨੇ ਵੀਰਵਾਰ ਨੂੰ ਜ਼ਿਲ੍ਹਾ ਫਰੀਦਾਬਾਦ ਵਿੱਚ ਨਿਰਮਾਣ ਅਧੀਨ ਐੱਨਆਈਟੀ ਬੱਸ ਸਟੈਂਡ ਦਾ ਨਿਰੀਖਣ ਕੀਤਾ। ਇਹ ਬੱਸ ਸਟੈਂਡ ਪੈਸੀਫਿਕ ਡਿਵੈਲਪਮੈਂਟ ਲਿਮਟਿਡ ਵੱਲੋਂ ਪੀਪੀਪੀ ਮੋਡ ’ਤੇ ਬਣਾਇਆ ਜਾ ਰਿਹਾ ਹੈ। ਨਿਰੀਖਣ ਦੌਰਾਨ ਪੈਸੀਫਿਕ ਡਿਵੈਲਪਮੈਂਟ ਲਿਮਟਿਡ ਕੰਪਨੀ ਤੇ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਸਨ। ਨਿਰੀਖਣ ਦੌਰਾਨ ਪਾਈਆਂ ਗਈਆਂ ਕਮੀਆਂ ਨੂੰ ਦਰੁੱਸਤ ਕਰਨ ਅਤੇ ਮਿੱਥੇ ਸਮੇਂ ਅੰਦਰ ਕੰਮ ਮੁਕੰਮਲ ਕਰਨ ਲਈ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਪੈਸੀਫਿਕ ਡਿਵੈਲਪਮੈਂਟ ਲਿਮਟਿਡ ਕੰਪਨੀ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਜਤਿੰਦਰ ਗਹਿਲਾਵਤ ਨੇ ਦੱਸਿਆ ਕਿ ਹਰਿਆਣਾ ਰਾਜ ਟਰਾਂਸਪੋਰਟ ਫਰੀਦਾਬਾਦ ਅਧੀਨ ਐੱਨ.ਆਈ.ਟੀ. ਫਰੀਦਾਬਾਦ ਵਿੱਚ 4 ਏਕੜ ਰਕਬੇ ਵਿੱਚ ਇੱਕ ਅਤਿ ਆਧੁਨਿਕ ਤੇ ਵਧੀਆ ਬੱਸ ਸਟੈਂਡ ਬਣਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਦੀ ਲਾਗਤ ਕਰੀਬ 125 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਅਕਤੂਬਰ 2022 ਤੱਕ ਬੱਸ ਸਟੈਂਡ ਦਾ ਕੰਮ ਮੁਕੰਮਲ ਕਰਕੇ ਇਸ ਨੂੰ ਆਮ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਬੱਸ ਸਟੈਂਡ ਵਿੱਚ ਸਵਾਰੀਆਂ ਦੇ ਬੈਠਣ ਲਈ ਏਅਰ ਕੰਡੀਸ਼ਨਡ ਗੈਲਰੀ ਬਣਾਈ ਗਈ ਹੈ, ਜਿਸ ਵਿੱਚ ਯਾਤਰੀਆਂ ਦੀ ਸਹੂਲਤ ਲਈ ਪਖਾਨੇ, ਪੀਣ ਲਈ ਆਰ.ਓ., ਸਾਮਾਨ ਰੱਖਣ ਲਈ ਕਲੌਕ ਰੂਮ, ਰਿਫਰੈਸ਼ਮੈਂਟ ਆਦਿ ਦੀ ਸਹੂਲਤ ਹੋਵੇਗੀ।