ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 9 ਜੁਲਾਈ
ਨਰਾਇਣਗੜ੍ਹ ਦੇ ਤਹਿਸੀਲ ਦਫ਼ਤਰ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਐੱਸਡੀਐੱਮ ਆਦਿੱਤੀ ਨੇ ਦਫ਼ਤਰ ਦਾ ਅਚਨਚੇਤ ਨਿਰੀਖ਼ਣ ਕੀਤਾ। ਉਨ੍ਹਾਂ ਨੇ ਦਫ਼ਤਰ ਵਿੱਚ ਜਾ ਕੇ ਜਿੱਥੇ ਮੁਲਾਜ਼ਮਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ, ਉੱਥੇ ਹੀ ਦਫ਼ਤਰ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਐੱਸਡੀਐੱਮ ਨੇ ਦੱਸਿਆ ਕਿ ਉਨ੍ਹਾਂ ਕੋਲ ਤਹਿਸੀਲ ਨਾਲ ਸਬੰਧਿਤ ਸ਼ਿਕਾਇਤਾਂ ਆ ਰਹੀਆਂ ਸਨ ਤੇ ਉਹ ਮੌਖਿਕ ਰੂਪ ਨਾਲ ਸਨ ਅਤੇ ਮੌਖਿਕ ਸ਼ਿਕਾਇਤ ਮਿਲਣ ਤੇ ਜਦੋਂ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਤੇ ਨਾ ਹੀ ਲਿਖਤ ਵਿੱਚ ਦੇਣਾ ਚਾਹੁੰਦਾ ਹੈ ਤਾਂ ਕਾਰਵਾਈ ਕਰਨੀ ਥੋੜ੍ਹੀ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦਫ਼ਤਰ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਦਫ਼ਤਰ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ ਅਤੇ ਫੀਸ ਦੇ ਲੈਣ-ਦੇਣ ਨਾ ਹੋਵੇ ਇਸ ਲਈ ਡਿਜੀਟਲ ਪੇਮੈਂਟ ਦਾ ਸਿਸਟਮ ਤਹਿਸੀਲ ਵਿੱਚ ਲਾਗੂ ਕਰਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦਾ ਕਹਿਣਾ ਸੀ ਕਿ ਕੰਪਿਊਟਰ ਦੀ ਫੀਸ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਸਨ ਇਸ ਲਈ ਦਫ਼ਤਰ ਦੇ ਬਾਹਰ ਕੰਪਿਊਟਰ ਫੀਸ ਆਦਿ ਲਿਖਵਾ ਦਿੱਤਾ ਗਈ ਹੈ ਅਤੇ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਉਹ ਸ਼ਿਕਾਇਤ ਕਰ ਸਕਦਾ ਹੈ ਉਸਦੀ ਸ਼ਿਕਾਇਤ ’ਤੇ ਫੌਰੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਰੀਡਰ ਅਸ਼ਵਨੀ ਸ਼ਰਮਾ ਵੀ ਹਾਜ਼ਰ ਸਨ।