ਪੱਤਰ ਪ੍ਰੇਰਕ
ਡੱਬਵਾਲੀ, 14 ਅਗਸਤ
ਇੰਡੀਅਨ ਨੈਸ਼ਨਲ ਲੋਕਦਲ ਵੱਲੋਂ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੀਆਂ ਜਾਣਗੀਆਂ। ਇਹ ਐਲਾਨ ਇਨੈਲੋ ਦੇ ਪ੍ਰਮੁੱਖ ਜਨਰਲ ਸਕੱਤਰ ਅਤੇ ਐਲਨਾਬਾਦ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕੀਤਾ ਹੈ। ਉਹ ਡੱਬਵਾਲੀ ਹਲਕੇ ਵਿੱਚ ਪਿਪਲੀ, ਪੰਨੀਵਾਲਾ ਰੁਲਦੂ, ਮਾਖਾ, ਜਗਮਾਲਵਾਲੀ ਅਤੇ ਦੇਸੂਜੋਧਾ ਸਮੇਤ ਦਰਜਨ ਭਰ ਪਿੰਡਾਂ ਵਿੱਚ ਪੇਂਡੂ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਅਭੈ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿੱਚ ਹੱਤਿਆਵਾਂ, ਲੁੱਟ-ਖਸੁੱਟ ਅਤੇ ਬਲਾਤਕਾਰ ਦੀਆਂ ਵਾਰਦਾਤਾਂ ਸਿਖ਼ਰ ’ਤੇ ਹਨ ਅਤੇ ਸੂਬਾ ਸਰਕਾਰ ਤੇ ਪੁਲੀਸ ਅਪਰਾਧਾਂ ਨੂੰ ਨੱਥ ਪਾਉਣ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵਿਕਾਸ ਲਈ ਇਨੈਲੋ ਉਮੀਦਵਾਰਾਂ ਨੂੰ ਰਿਕਾਰਡ ਵੋਟਾਂ ਨਾਲ ਜਿਤਾਇਆ ਜਾਵੇ। ਇਨੈਲੋ ਆਗੂ ਨੇ ਪਿੰਡਾਂ ਦੇ ਲੋਕਾਂ ਨੂੰ ਆਗਾਮੀ 25 ਸਤੰਬਰ ਨੂੰ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀ ਜੈਯੰਤੀ ਮੌਕੇ ਫਤਿਹਾਬਾਦ ਵਿੱਚ ਹੋਣ ਵਾਲੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਵਿਧਾਇਕ ਅਭੈ ਸਿੰਘ ਚੌਟਾਲਾ ਭਲਕੇ 15 ਅਗਸਤ ਨੂੰ ਡੱਬਵਾਲੀ ਵਿੱਚ ਸਬ ਡਿਵੀਜ਼ਨ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਉਣਗੇ। ਇਸ ਸਮਾਗਮ ਵਿੱਚ ਪਹਿਲਾਂ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਮੁੱਖ ਮਹਿਮਾਨ ਸਨ, ਜਿਸ ਬਾਰੇ ਪ੍ਰਸ਼ਾਸਨ ਨੇ ਕਾਰਡ ਵੀ ਵੰਡ ਦਿੱਤੇ ਸਨ। ਬਾਅਦ ਵਿੱਚ ਨਵੇਂ ਹੁਕਮਾਂ ਤਹਿਤ ਮੁੱਖ ਮਹਿਮਾਨ ਵਜੋਂ ਅਭੈ ਸਿੰਘ ਚੌਟਾਲਾ ਦਾ ਨਾਂ ਸਾਹਮਣੇ ਆਇਆ, ਜਿਸ ਮਗਰੋਂ ਪ੍ਰਸ਼ਾਸਨ ਨੇ ਦੁਬਾਰਾ ਕਾਰਡ ਵੰਡੇ।