ਦਵਿੰਦਰ ਸਿੰਘ
ਯਮੁਨਾਨਗਰ, 23 ਜਨਵਰੀ
ਇੰਡੀਅਨ ਨੈਸ਼ਨਲ ਲੋਕ ਦਲ ਦੀ ਵਿਦਿਆਰਥੀ ਵਿੰਗ ਦੇ ਕੌਮੀ ਪ੍ਰਧਾਨ ਅਰਜੁਨ ਚੌਟਾਲਾ ਦੀ ਅਗਵਾਈ ਵਿੱਚ ਕਾਲਕਾ ਤੋਂ ਚੱਲੀ ਟਰੈਕਟਰ ਰੈਲੀ ਦੇਰ ਸ਼ਾਮ ਜਗਾਧਰੀ ਪਹੁੰਚੀ ਅਤੇ ਅੱਜ ਕੈਲ ਬਾਈਪਾਸ ਤੋਂ ਦਿੱਲੀ ਲਈ ਰਵਾਨਾ ਹੋਈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟਰੈਕਟਰਾਂ ਅਤੇ ਹੋਰ ਵਾਹਨਾਂ ਰਾਹੀਂ ਹਿੱਸਾ ਲਿਆ। ਟਰੈਕਟਰ ਰੈਲੀ ਵਿੱਚ ਸਭ ਤੋਂ ਅੱਗੇ ਰੈਲੀ ਦੀ ਅਗਵਾਈ ਕਰ ਕੇ ਅਰਜੁਨ ਚੌਟਾਲਾ ਨੇ ਕਿਸਾਨਾਂ ਦਾ ਮਨੋਬਲ ਵਧਾਇਆ। ਯਮੁਨਾਨਗਰ ਵਿੱਚ ਸਾਬਕਾ ਵਿਧਾਇਕ ਦਿਲਬਾਗ ਸਿੰਘ, ਸ਼ਿਆਮ ਸਿੰਘ ਰਾਣਾ, ਪ੍ਰਕਾਸ਼ ਭਾਰਤੀ, ਨਰੇਸ਼ ਸਾਰਣ, ਜਾਹਿਦ ਖਾਨ, ਪਰਵੀਨ ਕੈਲ, ਗੁਰਜਿੰਦਰ ਖੇੜੀ, ਤਰਨਜੀਤ ਸਿੰਘ ਸੰਧੂ, ਮਹੀਪਾਲ ਸਿੰਘ ਖਜੂਰੀ, ਇਮਰਾਨ ਸ਼ਾਦੀਪੁਰ, ਮਕਸੂਦ ਲਾਪਰਾ ਅਤੇ ਹੋਰ ਅਹੁਦੇਦਾਰਾਂ ਨੇ ਕਿਸਾਨਾਂ ਦਾ ਸਵਾਗਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਜੁਨ ਚੌਟਾਲਾ ਨੇ ਕਿਹਾ ਕਿ ਕਿਸਾਨਾਂ ਦੀ ਕੋਈ ਵੀ ਸਮੱਸਿਆ ਹੋਵੇ ਇੰਡੀਅਨ ਨੈਸ਼ਨਲ ਲੋਕ ਦਲ ਸਭ ਤੋਂ ਪਹਿਲਾਂ ਕਿਸਾਨਾਂ ਨਾਲ ਖੜੀ ਹੋਈ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਇਹ ਰੈਲੀ ਘਰੌਂਡਾ ਰਾਤੀਂ ਰੁਕੇਗੀ ਅਤੇ 26 ਜਨਵਰੀ ਨੂੰ ਕਿਸਾਨਾਂ ਦੇ ਨਾਲ ਦਿੱਲੀ ਵਿੱਚ ਪ੍ਰਵੇਸ਼ ਕਰੇਗੀ।