ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਬੀਤੀ ਰਾਤ ਇਨੈਲੋ ਸ਼ਹਿਰੀ ਦੇ ਪ੍ਰਧਾਨ ਪ੍ਰਵੀਨ ਸਿੰਗਲਾ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਇਸ ਤੋਂ ਚਾਰ ਦਿਨ ਪਹਿਲਾਂ ਉਨ੍ਹਾਂ ਦੀ ਮਾਤਾ ਦੀ ਵੀ ਕਰੋਨਾ ਕਾਰਨ ਮੌਤ ਹੋ ਗਈ ਸੀ। ਪਰਿਵਾਰ ਦੇ ਤਿੰਨ ਹੋਰ ਮੈਂਬਰ ਵੀ ਕਰੋਨਾ ਪੀੜਤ ਹਨ। ਪ੍ਰਵੀਨ ਸਿੰਗਲਾ ਦਾ ਇਲਾਜ ਸਿਰਸਾ ਦੇ ਇੱਕ ਨਿੱਜੀ ਹਸਪਤਾਲ ’ਚ ਚੱਲ ਰਿਹਾ ਸੀ ਜਿੱਥੇ ਬੀਤੀ ਰਾਤ ਉੁਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੱਜ ਪਿੰਡ ਦੇਸੂ ਮਲਕਾਣਾ ਵਿੱਚ ਇੱਕ ਮਹਿਲਾ ਅਤੇ ਮੰਡੀ ਕਾਲਾਂਵਾਲੀ ’ਚ ਦੋ ਵਿਅਕਤੀਆਂ ਦੀ ਮੌਤ ਕਰੋਨਾਵਾਇਰਸ ਕਾਰਨ ਹੋਈ ਹੈ। ਕਾਲਾਂਵਾਲੀ ਖੇਤਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 30 ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਸਿਰਸਾ ’ਚ ਕਰੋਨਾ ਨੇ ਲਈਆਂ ਪੰਜ ਜਾਨਾਂ
ਸਿਰਸਾ (ਪ੍ਰਭ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਕਰੋਨਾ ਕਾਰਨ ਅੱਜ ਫਿਰ ਤਿੰਨ ਮਹਿਲਾਵਾਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ ਜਦੋਂਕਿ 330 ਕਰੋਨਾ ਲਾਗ ਦੇ ਨਵੇਂ ਮਾਮਲੇ ਆਏ ਹਨ। ਸਿਵਲ ਸਰਜਨ ਡਾ. ਕਿ੍ਸ਼ਨ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤਿੰਨ ਮਹਿਲਾਵਾਂ ਸਮੇਤ ਪੰਜ ਜਣਿਆਂ ਦੀ ਮੌਤ ਹੋਈ ਹੈ ਜਦੋਂਕਿ 330 ਕਰੋਨਾ ਲਾਗ ਦੇ ਨਵੇਂ ਕੇਸ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਦੇ 2589 ਸਰਗਰਮ ਕੇਸ ਹਨ ਜਦੋਂਕਿ 198 ਦੇ ਸਿਹਤਯਾਬ ਹੋਣ ’ਤੇ ਹਸਪਤਾਲੋਂ ਛੁੱਟੀ ਦਿੱਤੀ ਗਈ ਹੈ।