ਫਰਿੰਦਰ ਗੁਲਿਆਣੀ
ਨਰਾਇਣਗੜ੍ਹ, 15 ਦਸੰਬਰ
ਇੱਥੋਂ ਦੇ ਅਰਾਮ ਘਰ ਵਿੱਚ ਹਰਿਆਣਾ ਸਰਕਾਰ ਦੇ ਖ਼ਿਲਾਫ਼ ਨੌਕਰੀਆਂ ਵਿੱਚ ਪਰਚੀ ਤੇ ਖਰਚੀ ਦੇ ਮੁੱਦੇ ਨੂੰ ਲੈ ਕੇ ਇਨੈਲੋ ਪਾਰਟੀ ਦੇ ਯੂਥ ਵੱਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਦੀ ਰੂਪ ਰੇਖਾ ਤਿਆਰ ਕਰਨ ਲਈ ਇੱਕ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਸੂਬਾ ਕਾਰਜਕਾਰਨੀ ਮੈਂਬਰ ਜਗਮਾਲ ਸਿੰਘ ਰੋਲੋਂ ਵੀ ਹਾਜ਼ਰ ਹੋਏ। ਬੈਠਕ ਵਿੱਚ ਨੌਜਵਾਨਾਂ ਦੇ ਭਵਿੱਖ ਦੇ ਨਾਲ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਖਿਲਵਾੜ ਦੀ ਨਿਖੇਧੀ ਕੀਤੀ ਗਈ। ਜਗਮਾਲ ਸਿੰਘ ਰੋਲੋਂ ਨੇ ਦੋਸ਼ ਲਗਾਇਆ ਕਿ ਸੂਬੇ ਦੀਆਂ ਸਾਰੀਆਂ ਨੌਕਰੀਆਂ ਮੁੱਖ ਮੰਤਰੀ ਦੇ ਘਰ ਵਿੱਚ ਬੈਠ ਕੇ ਠੇਕੇਦਾਰਾਂ ਵੱਲੋਂ ਵੇਚੀਆਂ ਜਾ ਰਹੀਆਂ ਹਨ। ਸੂਬੇ ਦੇ ਨੌਜਵਾਨਾਂ ਦਾ ਭਵਿੱਖ ਇਨ੍ਹਾਂ ਨੌਕਰੀਆਂ ਦੇ ਠੇਕੇਦਾਰਾਂ ਨੇ ਨਿਰਧਾਰਿਤ ਕਰਨਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਨੌਕਰੀਆਂ ਤੇ ਨੌਜਵਾਨ ਠੇਕੇਦਾਰਾਂ ਵੱਲੋਂ ਹੀ ਰੱਖਣੇ ਹਨ ਤਾਂ ਖੱਟਰ ਸਰਕਾਰ ਦੀ ਕੀ ਲੋੜ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਨੈਲੋ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਹੜੀ ਨੌਜਵਾਨਾਂ ਦਾ ਭਲਾ ਕਰ ਸਕਦੀ ਹੈ ਅਤੇ ਸਾਰਿਆਂ ਦੇ ਸੁੱਖ ਦੁੱਖ ਵਿੱਚ ਕੰਮ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਜਜਪਾ ਗੱਠਜੋੜ ਦੀ ਸਰਕਾਰ ਦੇ ਰਾਜ ਵਿੱਚ ਹਰ ਵਰਗ ਦੁਖੀ ਹੋ ਚੁੱਕਿਆ ਹੈ ਅਤੇ ਸਰਕਾਰ ਨੂੰ ਕੋਸ ਰਿਹਾ ਹੈ। ਨੌਜਵਾਨ ਵਿਹਲੇ ਘੁੰਮ ਰਹੇ ਹਨ ਅਤੇ ਨੌਕਰੀਆਂ ਠੇਕੇਦਾਰਾਂ ਵੱਲੋਂ ਪਰਚੀ ਤੇ ਖਰਚੀ ਦੇ ਆਧਾਰ ’ਤੇ ਨੌਜਵਾਨਾਂ ਨੂੰ ਦਿੱਤੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੜ੍ਹੇ ਲਿੱਖੇ ਨੌਜਵਾਨ ਆਪਣੀ ਕਾਬਲੀਅਤ ਮੁਤਾਬਕ ਨੌਕਰੀਆਂ ਹਾਸਲ ਨਹੀਂ ਕਰ ਪਾ ਰਹੇ ਹਨ। ਇਸ ਮੌਕੇ ਤੇਜ ਪਾਲ ਸ਼ਰਮਾ, ਲੱਕੀ ਨਗੌਲੀ, ਰਮੇਸ਼ ਕੁਮਾਰ, ਭਵਨੀਤ, ਕੇਸ਼ਵ, ਬਲਵਿੰਦਰ, ਮੁਕੇਸ਼, ਮੋਹਿਤ, ਰਾਹੁਲ, ਸੁਰੇਸ਼ ਕੁਮਾਰ, ਇਕਬਾਲ ਸਿੰਘ, ਬਲਵਿੰਦਰ ਸਿੰਘ, ਅਮਿਤ, ਕ੍ਰਿਸ਼ਨ ਚੰਦ, ਜਿਤੇਂਦਰ ਸਣੇ ਹੋਰ ਲੋਕ ਹਾਜ਼ਰ ਸਨ।