ਨਿੱਜੀ ਪੱਤਰ ਪ੍ਰੇਰਕ
ਸਿਰਸਾ, 2 ਫਰਵਰੀ
ਇੰਡੀਅਨ ਨੈਸ਼ਨਲ ਲੋਕਦਲ ਮਹਿਲਾ ਵਿੰਗ ਦੀ ਸੂਬਾਈ ਜਨਰਲ ਸਕੱਤਰ ਸੁਨੈਨਾ ਚੌਟਾਲਾ ਨੇ ਕਿਹਾ ਹੈ ਕਿ ਜਿਹੜੀਆਂ ਰਾਜਸੀ ਪਾਰਟੀਆਂ ਨੇ ਮਹਿਲਾਵਾਂ ਨੂੰ ਮਾਣ-ਸਨਮਾਨ ਨਹੀਂ ਦਿੱਤਾ, ਉਨ੍ਹਾਂ ਦਾ ਬੇੜਾ ਗਰਕ ਹੁੰਦਾ ਰਿਹਾ ਹੈ। ਭਾਜਪਾ ਸਰਕਾਰ ਵੀ ਮਹਿਲਾਵਾਂ ਨੂੰ ਮਾਣ-ਸਨਮਾਨ ਨਹੀਂ ਦੇ ਰਹੀ ਹੈ। ਉਹ ਅੱਜ ਪਿਛਲੇ 57 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ’ਚ ਧਰਨਾ ਦੇ ਰਹੀਆਂ ਆਂਗਣਵਾੜੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇੰਡੀਅਨ ਨੈਸ਼ਨਲ ਲੋਕਦਲ ਆਂਗਣਵਾੜੀ ਵਰਕਰਾਂ ਦੀ ਹਮਾਇਤ ਕਰਦਾ ਹੈ। ਵਿਧਾਇਕ ਅਭੈ ਸਿੰਘ ਚੌਟਾਲਾ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਵਿਧਾਨ ਸਭਾ ’ਚ ਵੀ ਚੁੱਕੀਆਂ ਜਾਣਗੀਆਂ ਤੇ ਇਨੈਲੋ ਦੀ ਸਰਕਾਰ ਬਣਨ ’ਤੇ ਆਂਗਣਵਾੜੀ ਵਰਕਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਸੁਨੈਨਾ ਚੌਟਾਲਾ ਨੇ ਭਾਜਪਾ ਤੇ ਜਜਪਾ ਸਰਕਾਰ ਨੂੰ ਕਿਸਾਨ, ਮਜ਼ਦੂਰ ਤੇ ਮਹਿਲਾ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਦਾ ਬਜਟ ਲੋਕ ਵਿਰੋਧੀ ਬਜਟ ਹੈ। ਇਸ ਬਜਟ ਵਿੱਚ ਨਾ ਤਾਂ ਕਿਸਾਨਾਂ ਲਈ ਕੁਝ ਹੈ ਤੇ ਨਾ ਹੀ ਮਹਿਲਾਵਾਂ ਲਈ। ਆਂਗਣਵਾੜੀ ਆਗੂ ਵੀਰੋ ਰਾਣੀ, ਸ਼ਕੰਤਲਾ ਜਗਲਾਣ ਨੇ ਮੰਗਾਂ ਮੰਨਣ ਦੀ ਅਪੀਲ ਕੀਤੀ।