ਮਹਾਂਵੀਰ ਮਿੱਤਲ
ਜੀਂਦ, 30 ਜੂਨ
ਜੇਬੀਟੀ ਭਰਤੀ ਮਾਮਲੇ ਵਿੱਚ 10 ਸਾਲ ਦੀ ਸਜ਼ਾ ਪੂਰੀ ਕਰਨ ਮਗਰੋਂ ਹਰਿਆਣਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਰਿਹਾਅ ਹੋਣ ਦਾ ਜੋਸ਼ ਇੱਥੇ ਇਨੈਲੋ ਦੇ ਜ਼ਿਲ੍ਹਾ ਪੱਧਰੀ ਵਰਕਰ ਸੰਮੇਲਨ ਵਿੱਚ ਵੇਖਣ ਨੂੰ ਮਿਲਿਆ। ਸੰਮੇਲਨ ਨੂੰ ਸੰਬੋਧਨ ਕਰਦਿਆਂ ਇਨੈਲੋ ਦੇ ਪ੍ਰਧਾਨ ਤੇ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ 2018 ਵਿੱਚ ਜਦੋਂ ਸਾਬਕਾ ਸੰਸਦ ਅਜੈ ਸਿੰਘ ਚੌਟਾਲਾ ਨੇ ਇਨੈਲੋ ਤੋਂ ਵੱਖ ਹੋ ਕੇ ਆਪਣੀ ਪਾਰਟੀ ਜਜਪਾ ਬਣਾਈ ਸੀ ਤਾਂ ਉਸ ਮਗਰੋਂ ਹਰਿਆਣਾ ਵਿੱਚ ਇਨੈਲੋ ਦਾ ਵਜੂਦ ਘੱਟ ਗਿਆ ਸੀ, ਪਰ ਅਭੈ ਸਿੰਘ ਚੌਟਾਲਾ ਨੇ ਹਿੰਮਤ ਨਹੀਂ ਹਾਰੀ ਤੇ ਅੱਜ ਵੀ ਡਟੇ ਹੋਏ ਹਨ। ਇਸ ਦੌਰਾਨ ਉਨ੍ਹਾਂ ਕਾਂਗਰਸ, ਭਾਜਪਾ ਅਤੇ ਜਜਪਾ ਨੂੰ ਖੂਬ ਭੰਡਿਆ ਤੇ ਕਿਹਾ ਕਿ ਹੁਣ ਪ੍ਰਦੇਸ਼ ਵਿੱਚੋਂ ਇਨ੍ਹਾਂ ਤਿੰਨਾਂ ਪਾਰਟੀਆਂ ਦਾ ਸਫਾਇਆ ਅਤੇ ਇਨੈਲੋ ਦਾ ਸੱਤਾ ਵਿੱਚ ਆਉਣਾ ਤੈਅ ਹੈ। ਉਨ੍ਹਾਂ ਨੇ ਆਪਣੇ ਭਤੀਜੇ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਉੱਤੇ ਹਮਲਾ ਕਰਦਿਆਂ ਕਿਹਾ ਕਿ ਉਚਾਨਾ ਦੇ ਲੋਕਾਂ ਨੇ ਜਿਸ ਉਮੀਦਵਾਰ ਨੂੰ ਜਿਤਾਇਆ ਸੀ, ਉਹ ਹੁਣ ਭਾਜਪਾ ਦੀ ਗੋਦੀ ਵਿੱਚ ਬੈਠ ਗਿਆ।
ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦਾ ਹਵਾਲਾ ਦੇਣ ਵਾਲੇ ਨੇ ਹੀ ਚੌਧਰੀ ਦੇਵੀ ਲਾਲ ਦੀ ਵਿਚਾਰਧਾਰਾ ਭਾਜਪਾ ਕੋਲ ਗਹਿਣੇ ਰੱਖ ਦਿੱਤੀ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਹੁਣ ਭਾਜਪਾ/ਜਜਪਾ ਦੀ ਅਜਿਹੀ ਹਾਲਤ ਹੋ ਗਈ ਹੈ ਕਿ ਉਹ ਇੱਥੇ ਕਿਸੇ ਵਿਆਹ ਜਾਂ ਹੋਰ ਕੋਈ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਸ ਮੌਕੇ ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ, ਜ਼ਿਲ੍ਹਾ ਪ੍ਰਧਾਨ ਰਾਮਫਲ ਕੁੰਡੂ, ਜੋਗਿੰਦਰ ਕਾਲਵਾ, ਵਜਿੰਦਰ ਰੇਢੂ, ਸਤੀਸ਼ ਜੈਨ, ਕ੍ਰਿਸ਼ਨ ਲਾਠਰ, ਕਿਤਾਬ ਸਿੰਘ ਭਨਵਾਲਾ, ਭਗਵਤੀ ਦਹੀਆ, ਸਬਿੂ ਜਿੰਦਲ, ਸੁਮਿਤਰਾ ਦੇਵੀ, ਸੁਖਵੀਰ ਢੁੱਲ ਅਤੇ ਦਫਤਰ ਸਕੱਤਰ ਸੁਨੀਲ ਕੁਮਾਰ ਹਾਜ਼ਰ ਸਨ।