ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 22 ਜੂਨ
ਇੰਡੀਅਨ ਨੈਸ਼ਨਲ ਲੋਕਦਲ ਨੇ ਨਗਰ ਪਰਿਸ਼ਦ ਡੱਬਵਾਲੀ ਦਾ ਚੇਅਰਮੈਨ ਦਾ ਅਹੁਦਾ ਜਿੱਤ ਕੇ ਜੱਦੀ ਗੜ੍ਹ ਡੱਬਵਾਲੀ ਵਿੱਚ ਮੁੜ ਤੋਂ ਸਿਆਸੀ ਝੰਡਾ ਗੱਡ ਦਿੱਤਾ ਹੈ। ਇਨੈਲੋ ਉਮੀਦਵਾਰ ਟੇਕ ਚੰਦ ਛਾਬੜਾ ਨੇ ਕਾਂਗਰਸੀ ਉਮੀਦਵਾਰ ਵਿਨੋਦ ਬਾਂਸਲ ਨੂੰ 1558 ਵੋਟਾਂ ਦੇ ਫਰਕ ਨਾਲ ਹਰਾਇਆ। ਸੂਬੇ ਦੀ ਸੱਤਾ-ਪੱਖ ਭਾਜਪਾ-ਜਜਪਾ ਦੇ ਉਮੀਦਵਾਰ ਪ੍ਰਵੀਨ ਸੋਨੀ ਵੱਡੀਆਂ ਤੀਜੇ ਨੰਬਰ ’ਤੇ ਰਹੇ। ‘ਆਪ’ ਉਮੀਦਵਾਰ ਸੁਮਨ ਸੱਚਦੇਵਾ ਸਿਰਫ਼ ਡੇਢ ਹਜ਼ਾਰ ਦਾ ਅੰਕੜਾ ਹੀ ਛੂਹ ਸਕੇ। ਸ਼ਹਿਰ ਦੇ 21 ਵਾਰਡਾਂ ਵਿੱਚੋਂ 8 ਵਾਰਡਾਂ ਵਿੱਚ ਕਾਂਗਰਸ ਪੱਖੀ ਉਮੀਦਵਾਰ ਜੇਤੂ ਰਹੇ, ਜਦਕਿ ਜਜਪਾ ਦੇ 6, ਭਾਜਪਾ ਅਤੇ ਇਨੈਲੋ ਪੱਖੀ 3-3 ਅਤੇ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ। ਚੋਣ ਨਤੀਜਿਆਂ ਮੁਤਾਬਕ ਟੇਕ ਚੰਦ ਛਾਬੜਾ ਨੂੰ 9953 ਵੋਟਾਂ, ਵਿਨੋਦ ਬਾਂਸਲ ਨੂੰ 8395, ਪ੍ਰਵੀਨ ਸੋਨੀ ਨੂੰ 7693, ਸੁਮਨ ਸੱਚਦੇਵਾ ਨੂੰ 1500 ਵੋਟਾਂ ਅਤੇ ਆਜ਼ਾਦ ਉਮੀਦਵਾਰ ਅਮਿਤ ਕੁਮਾਰ ਨੂੰ 307 ਵੋਟਾਂ ਪਈਆਂ, ਜਦਕਿ 263 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ।
ਇਨ੍ਹਾਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ (ਅਰੋੜਾ ਬਿਰਾਦਰੀ) ਦੇ ਜਾਤੀਗਤ ਵੋਟਾਂ ਦੀ ਟੇਕ ਚੰਦ ਛਾਬੜਾ ਨੂੰ ਜ਼ੋਰਦਾਰ ਹਮਾਇਤ ਮਿਲੀ। ਵਾਰਡ ਨੰਬਰ ਅੱਠ ਵਿੱਚੋਂ ਇੱਕ ਹਜ਼ਾਰ ਵੋਟਾਂ ਦੀ ਭਰਵੀਂ ਬੜ੍ਹਤ ਨੇ ਟੇਕ ਚੰਦ ਛਾਬੜਾ ਦੀ ਜਿੱਤ ਨੂੰ ਬੇਜੋੜ ਬਣਾ ਦਿੱਤਾ। ਜਦਕਿ ਦੂਜੇ ਪਾਸੇ ਵਾਰਡ ਨੰਬਰ 4, 5, 6, 7, 8, 9 ਤੇ 10 ਕਾਂਗਰਸ ਪੱਖੀ ਉਮੀਦਵਾਰ ਵਿਨੋਦ ਬਾਂਸਲ ਦੀ ਹਾਰ ਕਾਰਨ ਬਣੇ। ਇਨ੍ਹਾਂ ਦੇ ਵਾਰਡਾਂ ਦੇ ਦਸ ਬੂਥਾਂ ’ਤੇ ਵਿਨੋਦ ਬਾਂਸਲ ਨੂੰ ਇੱਕ ਸੌ ਵੀ ਘੱਟ ਵੋਟਾਂ ਮਿਲੀਆਂ। ਭਾਜਪਾ-ਜਜਪਾ ਦੇ ਪ੍ਰਵੀਨ ਸੋਨੀ ਨੂੰ ਦਸ ਬੂਥਾਂ ਵਿੱਚ ਇੱਕ ਸੌ ਤੋਂ ਘੱਟ ਵੋਟ ਮਿਲੇ।
ਭਾਵੇਂ ਇਨੈਲੋ ਨੇ ਚੇਅਰਮੈਨ ਦੇ ਅਹੁਦੇ ’ਤੇ ਕਬਜ਼ਾ ਕਰ ਲਿਆ ਪਰ ਇਸ ਦੇ ਬਾਵਜੂਦ ਇਨੈਲੋ ਦੇ ਸਿਰਫ਼ ਤਿੰਨ ਵਾਰਡਾਂ ਨੰਬਰ 4, 8 ਅਤੇ 9 ਤੋਂ ਕੌਂਸਲਰ ਜੇਤੂ ਰਹਿ ਸਕੇ। ਟੇਕ ਚੰਦ ਛਾਬੜਾ ਪਹਿਲਾਂ ਵੀ ਨਗਰ ਕੌਂਸਲ ਡੱਬਵਾਲੀ ਦੇ ਚੇਅਰਮੈਨ ਰਹਿ ਚੁੱਕੇ ਹਨ। ਇਨ੍ਹਾਂ ਸ਼ਹਿਰੀ ਚੋਣ ਨਤੀਜਿਆਂ ਨੇ ਡੱਬਵਾਲੀ ਹਲਕੇ ਦੇ ਕਾਂਗਰਸੀ ਵਿਧਾਇਕ ਅਮਿਤ ਸਿਹਾਗ ਦੀਆਂ ਆਗਾਮੀ ਰਾਹਾਂ ਲਈ ਸਿਆਸੀ ਕੰਡੇ ਖੜ੍ਹੇ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਨੂੰ ਕਿਸੇ ਵਾਰਡ ਵਿੱਚ ਜਿੱਤ ਹਾਸਲ ਨਹੀਂ ਹੋਈ। ‘ਆਪ’ ਦੇ ਸੂਬਾ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ, ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਅਤੇ ਗੁਆਂਢੀ ਹਲਕੇ ਲੰਬੀ ਦੇ ‘ਆਪ’ ਵਿਧਾਇਕ ਗੁਰਮੀਤ ਖੁੱਡੀਆਂ ਵੱਲੋਂ ਸ਼ਹਿਰ ਵਿੱਚ ਕੀਤਾ ਗਿਆ ਪ੍ਰਚਾਰ ਵੋਟਰਾਂ ਨੂੰ ‘ਆਪ’ ਦੇ ਹੱਕ ਵਿੱਚ ਨਹੀਂ ਭੁਗਤਾ ਸਕਿਆ। ਚੇਅਰਮੈਨ ਦੀ ਚੋਣ ਜਿੱਤਣ ਮਗਰੋਂ ਟੇਕ ਚੰਦ ਛਾਬੜਾ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਵਿੱਚ ਹਰੇਕ ਸ਼ਹਿਰ ਵਾਸੀ ਦਾ ਯੋਗਦਾਨ ਹੈ। ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਜਾਵੇਗੀ।