ਪੱਤਰ ਪ੍ਰੇਰਕ
ਯਮੁਨਾਨਗਰ, 7 ਦਸੰਬਰ
ਭਾਰਤ ਦੇ ਕਿਸਾਨਾਂ ਦੇ ਸੱਦੇ ਤੇ ਭਾਰਤ ਬੰਦ ਦੇ ਸੱਦੇ ਦਾ ਇੰਡੀਅਨ ਨੈਸ਼ਨਲ ਲੋਕਦਲ ਨੇ ਪੂਰਾ ਸਮਰਥਨ ਦੇਣ ਦਾ ਫੈਸਲਾ ਲਿਆ ਹੈ । ਇਸ ਸਬੰਧ ਵਿੱਚ ਜਾਣਕਾਰੀ ਸਾਬਕਾ ਵਿਧਾਇਕ ਸ਼ਿਆਮ ਸਿੰਘ ਰਾਣਾ ਨੇ ਇਨੈਲੋ ਦੇ ਦਫਤਰ ਵਿੱਚ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਦਿੰਦਿਆਂ ਕਿਹਾ ਕਿ ਅੱਜ ਦੇਸ਼ ਦਾ ਹਰ ਵਰਗ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਬਹੁਤ ਦੁਖੀ ਹੈ । ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਕਾਰਨ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਵਾਂਝੇ ਹੋ ਜਾਣਗੇ ਅਤੇ ਪੂੰਜੀਪਤੀ ਆਪਣੀਆਂ ਤਿਜ਼ੋਰੀਆਂ ਭਰਨਗੇ । ਉਨ੍ਹਾਂ ਕਿਹਾ ਕਿ ਇੰਡੀਅਨ ਨੈਸ਼ਨਲ ਲੋਕ ਦਲ ਕਿਸਾਨਾਂ ਨਾਲ ਭਾਰਤ ਬੰਦ ਦੇ ਦੌਰਾਨ ਮੌਢੇ ਨਾਲ ਮੌਢਾ ਡਾਹ ਕੇ ਸਾਥ ਦੇਵੇਗਾ ਅਤੇ ਇਸ ਨੂੰ ਕਾਮਯਾਬ ਬਣਾਏਗਾ । ਸਾਬਕਾ ਵਿਧਾਇਕ ਦਿਲਬਾਗ ਸਿੰਘ ਨੇ ਕਿਹਾ ਕਿ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਦੇਸ਼ ਖੁਸਹਾਲ ਹੋਵੇਗਾ। ਇਸ ਮੌਕੇ ਤੇ ਇਨੈਲੋ ਨੇਤਾ ਕੁਲਵਿੰਦਰ ਸਿੰਘ, ਯੁਵਾ ਪ੍ਰਧਾਨ ਗੁਰਵਿੰਦਰ ਖੇੜੀ, ਭੁਪਿੰਦਰ ਸਿੰਘ, ਤਰਨਜੀਤ ਸਿੰਘ, ਸੁਰੇਸ਼ ਸ਼ਰਮਾ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ ।
ਇਸਤਰੀ ਅਕਾਲੀ ਦਲ ਕਿਸਾਨਾਂ ਦੀ ਹਮਾਇਤ ਵਿਚ ਨਿੱਤਰਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ):ਇਸਤਰੀ ਅਕਾਲੀ ਦਲ ਦਿੱਲੀ ਇਕਾਈ ਹੇਠ ਚਲਾਏੇ ਜਾ ਰਹੇ ਮੈਡੀਏਸ਼ਨ ਸੈੱਲ ਵੱਲੋਂ ਕਿਸਾਨੀ ਬਿਲ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਕਾਨੂੰਨੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਤਰੀ ਅਕਾਲੀ ਦਲ ਹੇਠ ਚਲ ਰਹੇ ਮੈਡੀਏਸ਼ਨ ਸੈੱਲ ਦੀਆਂ ਵਕੀਲਾਂ ਵੱਲੋਂ ਕਿਸਾਨੀ ਸੰਘਰਸ਼ ਵਿਚ ਸ਼ਾਮਲ ਕਿਸਾਨਾਂ ਨੂੰ ਜੇ ਇਸ ਦੌਰਾਨ ਸਰਕਾਰਾਂ ਵੱਲੋਂ ਉਨ੍ਹਾਂ ਖਿਲਾਫ਼ ਕੋਈ ਕੇਸ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੀ ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਨੂੰ ਮੈਡੀਏਸ਼ਨ ਸੈੱਲ ਵੇਖੇਗਾ। ਬੀਬੀ ਰਣਜੀਤ ਕੌਰ ਦੇ ਨਾਲ ਮੈਡੀਏਸ਼ਨ ਸੈਲ ਦੀ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਲੀਗਲ ਐਡਵਾਈਜ਼ਰ ਬੀਬੀ ਰਵਿੰਦਰ ਕੌਰ, ਐਡਵੋਕੇਟ ਰੇਖਾ ਅਗਰਵਾਲ, ਐਡਵੋਕੇਟ ਅਵਨੀਤ ਕੌਰ, ਐਡਵੋਕੇਟ ਤੇਜ ਪ੍ਰਤਾਪ ਸਿੰਘ, ਐਡਵੋਕੇਟ ਉਸ਼ਾ ਸਿੰਘ ਨੇ ਕੁੰਡਲੀ ਬਾਰਡਰ ਵਿੱਚ ਕਿਸਾਨਾਂ ਦੇ ਸੰਘਰਸ਼ ਵਿਚ ਪਹੁੰਚ ਕੇ ਕਿਸਾਨਾ ਨੂੰ ਵਿਸ਼ਵਾਸ ਦਿੱਤਾ ਕਿ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋ ਅਗਰ ਸਰਕਾਰਾਂ ਵੱਲੋਂ ਇਸ ਦੌਰਾਨ ਕਿਸਾਨ ਭਰਾਵਾਂ ਦੇ ਉਪਰ ਕੋਈ ਵੀ ਕੇਸ ਪਾਇਆ ਜਾਂਦਾ ਹੈ ਤੇ ਉਸ ਦੀ ਕਾਨੂੰਨੀ ਲੜਾਈ ਨੂੰ ਮੈਡੀਏਸ਼ਨ ਸੈੱਲ ਲੜੇਗਾ। ਇਸ ਮੌਕੇ ਰਣਜੀਤ ਕੌਰ ਦੇ ਨਾਲ ਅੱਜ ਸੁਰਬੀਰ ਕੌਰ, ਭੁਪਿੰਦਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਰਾਜਿੰਦਰ ਕੌਰ ਟੈਗੋਰ ਗਾਰਡਨ ਆਦਿ ਨੇ ਟੀਕਰੀ ਬਾਰਡਰ ਪੁੱਜ ਕੇ ਸੇਵਾਵਾਂ ਵਿਚ ਸ਼ਮੂਲੀਅਤ ਕੀਤੀ।