ਪੱਤਰ ਪ੍ਰੇਰਕ
ਯਮੁਨਾਨਗਰ, 2 ਅਪਰੈਲ
ਇੰਡੀਅਨ ਮੈਡੀਕਲ ਐਸੋਸਿਏਸ਼ਨ ਨੇ ਰਾਜਸਥਾਨ ਦੇ ਇਕ ਹਸਪਤਾਲ ਵਿੱਚ ਮਹਿਲਾ ਡਾ. ਅਰਚਨਾ ਸ਼ਰਮਾ ਦੀ ਮੌਤ ਨੂੰ ਖੁਦਕੁਸ਼ੀ ਨਹੀਂ ਬਲਕਿ ਹੱਤਿਆ ਕਰਾਰ ਦਿੰਦਿਆਂ ਕਸੂਰਵਾਰ ਪੁਲੀਸ ਅਧਿਕਾਰੀਆਂ ਸਮੇਤ ਹੋਰਨਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਮਾਮਲੇ ਨੂੰ ਅੱਜ ਐਸੋਸੀਏਸ਼ਨ ਨੇ ਪੂਰੇ ਦੇਸ਼ ਵਿੱਚ ਵਿਰੋਧ ਦਿਵਸ ਮਨਾਇਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਨਿਆਂ ਨਾ ਮਿਲਿਆ ਤਾਂ ਉਹ ਸੜਕਾਂ ’ਤੇ ਆ ਕੇ ਪ੍ਰਦਰਸ਼ਨ ਕਰਨਗੇ। ਐਸੋਸੀਏਸ਼ਨ ਦੀ ਜ਼ਿਲ੍ਹਾ ਪ੍ਰਧਾਨ ਡਾ. ਸੁਨੀਲਾ ਸੋਨੀ ਨੇ ਕਿਹਾ ਕਿ 4 ਲੱਖ ਤੋਂ ਜ਼ਿਆਦਾ ਡਾਕਟਰਾਂ ਦੀ ਐਸੋਸੀਏਸ਼ਨ ਦੀ ਡਾ. ਅਰਚਨਾ ਸ਼ਰਮਾ ਸਮਾਜ ਦੇ ਕੁੱਝ ਅਸਮਾਜਿਕ ਤੱਤਾਂ ਦੀ ਭੇਟ ਚੜ੍ਹ ਗਈ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਤੋਂ ਕਥਿਤ ਦੋਸ਼ੀਆਂ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।