ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫਰਨਗਰ ਮਹਾਪੰਚਾਇਤ ਤੋਂ ਬਾਅਦ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਐੱਮਐੱਸਪੀ ਖਰੀਦ ਗਰੰਟੀ ਬਿੱਲ ਬਣਾਉਣ ਲਈ 27 ਸਤੰਬਰ ਨੂੰ ਕੇਂਦਰ ਸਰਕਾਰ ਵਿਰੁੱਧ ਭਾਰਤ ਬੰਦ ਦਾ ਜੋ ਨਵਾਂ ਪ੍ਰੋਗਰਾਮ ਦਿੱਤਾ ਗਿਆ ਸੀ, ਉਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਲੱਖੋਵਾਲ ਨੇ ਕਿਹਾ ਕਿ ਇਸ ਵੱਡੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕਿਸਾਨ ਪਿਛਲੇ ਕਈ ਦਿਨਾਂ ਤੋਂ ਸਾਰੇ ਦੇਸ਼ ਦੇ ਕਿਸਾਨ ਤਿਆਰੀਆਂ ਵਿੱਚ ਲੱਗੇ ਹੋਏ ਹਨ, 27 ਦਾ ਭਾਰਤ ਬੰਦ ਇਤਹਾਸਿਕ ਬੰਦ ਹੋਵੇਗਾ ਕਿਉਂਕਿ ਕਿਸਾਨਾਂ ਦੇ ਨਾਲ-ਨਾਲ ਹੁਣ ਦੇਸ਼ ਦੇ ਆਮ ਨਾਗਰਿਕ, ਦੁਕਾਨਦਾਰ, ਛੋਟੇ ਵਪਾਰੀ ਸਭ ਸਮਝ ਚੁੱਕੇ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਸਿਰਫ ਤੇ ਸਿਰਫ ਵੱਡੇ ਘਰਾਣਿਆਂ ਨੂੰ ਲਾਭ ਪਹੁੰਚਾਉਣ ਉੱਪਰ ਹੀ ਕੰਮ ਕਰ ਰਹੀ ਹੈ। ਖੇਤੀ ਕਾਰੋਬਾਰ ਤੋਂ ਬਾਅਦ ਵੱਡੀਆਂ ਕੰਪਨੀਆਂ ਦੀ ਨਜ਼ਰ ਇਸ ਕਾਰੋਬਾਰ ਉੱਪਰ ਵੀ ਪੈ ਗਈ ਹੈ। ਇਸ ਲਈ ਇਸ ਖੇਤਰ ਵਿੱਚ ਵੀ ਕਾਰਪੋਰੇਟ ਘਰਾਣੇ ਆਉਣ ਲਈ ਤਰਲੋਮੱਛੀ ਹੋ ਰਹੇ ਹਨ ਪਰ ਹੁਣ ਦੇਸ਼ ਦੇ ਨਾਗਰਿਕ ਜਾਗ ਚੁੱਕੇ ਹਨ ਅਤੇ ਕੇਂਦਰ ਸਰਕਾਰ ਨੂੰ ਸਬਕ ਸਖਾਉਣ ਲਈ ਆਰ-ਪਾਰ ਦੀ ਲੜਾਈ ਦਾ ਮਨ ਬਣਾ ਚੁੱਕੇ ਹਨ। ਦੁਕਾਨਾਂ, ਕਾਰਖਾਨੇ, ਸਕੂਲ, ਕਾਲਜ ਸਭ ਬੰਦ ਰੱਖੇ ਜਾਣਗੇ, ਕੇਵਲ ਐਮਰਜੈਂਸੀ ਵਾਹਨਾਂ ਨੂੰ ਜਾਣ ਦੀ ਖੁੱਲ੍ਹ ਹੋਵੇਗੀ।
ਝੋਨੇ ਦੀ ਖਰੀਦ ਸਬੰਧੀ ਮੰਗੇ ਜਾ ਰਹੇ ਸਬੂਤ ਦੇਣ ਦੀ ਲੋੜ ਨਹੀਂ: ਮਾਨ
ਦਿੱਲੀ ਦੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਝੋਨੇ ਦੀ ਖਰੀਦ ਸਬੰਧੀ ਜਮ੍ਹਾਂ ਬੰਦੀਆਂ ਜਾਂ ਹੋਰ ਸਬੂਤ ਮੰਗੇ ਜਾ ਰਹੇ ਹਨ, ਜਿਨ੍ਹਾਂ ਨੂੰ ਦੇਣ ਦੀ ਕੋਈ ਲੋੜ ਨਹੀਂ ਹੈ ਤੇ ਫ਼ਸਲ ਕਿਸਾਨ ਏਕਤਾ ਦੇ ਜ਼ੋਰ ਨਾਲ ਹੀ ਵਿਕਵਾਂਵਾਗੇ। ਉਨ੍ਹਾਂ ਪਿਛਲੇ ਘੋਲਾਂ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ 2001 ਵਿੱਚ ਜਦੋਂ ਕੇਂਦਰ ਵਿੱਚ ਵਾਜਪਾਈ ਦੀ ਸਰਕਾਰ ਸੀ ਤਾਂ ਉਸ ਸਮੇਂ ਸਰਕਾਰ ਨੇ ਝੋਨੇ ਦੀ ਫਸਲ ਨੂੰ ਬਦਰੰਗ ਕਹਿ ਕੇ ਸਰਕਾਰੀ ਰੇਟ ਦੇ ਵਿੱਚ ਕੱਟ ਲਾ ਕੇ ਝੋਨੇ ਦੀ ਖਰੀਦ ਤੋਂ ਭੱਜਣ ਦਾ ਬਹਾਨਾ ਘੜਿਆ ਸੀ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਸ ਸਮੇਂ ਰੇਲਾਂ ਦਾ 72 ਘੰਟੇ ਚੱਕਾ ਜਾਮ ਕਰਕੇ ਅਤੇ ਐੱਫਸੀਆਈ ਦੇ ਚੇਅਰਮੈਨ ਭੂਰੇਲਾਲ ਨੂੰ ਬਠਿੰਡਾ ਵਿੱਚ ਘੇਰ ਕੇ ਝੋਨੇ ਦੀ ਫਸਲ ਦਾ ਦਾਣਾ ਦਾਣਾ ਸਰਕਾਰ ਵੱਲੋਂ ਮਿਥੇ ਘੱਟੋ-ਘੱਟ ਸਰਕਾਰੀ ਮੁੱਲ ’ਤੇ ਵਿਕਵਾਇਆ ਸੀ ਅਤੇ ਭਾਅ ’ਤੇ ਲਾਇਆ ਕੱਟ ਪੂਰਾ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਸਰਕਾਰ ਝੋਨੇ ਦੀ ਖਰੀਦ ਤੋਂ ਭੱਜਣ ਲਈ ਨਵੀਂਆਂ ਸ਼ਰਤਾਂ ਮੜ੍ਹ ਰਹੀ ਹੈ। ਕਿਸਾਨ ਜਥੇਬੰਦੀ ਵਲੋਂ ਇਨ੍ਹਾਂ ਸ਼ਰਤਾਂ ਨੂੰ ਨਾ ਮੰਨਦੇ ਹੋਏ ਐਲਾਨ ਕੀਤਾ ਹੈ ਕਿ ਝੋਨੇ ਦੀ ਫਸਲ ਦਾ ਦਾਣਾ ਦਾਣਾ ਸੰਘਰਸ਼ਾਂ ਦੇ ਜ਼ੋਰ ’ਤੇ ਵਿਕਵਾਇਆ ਜਾਵੇਗਾ।
ਬੰਦ ਸਬੰਧੀ ਖੇਤੀ ਬਚਾਓ ਸੰਘਰਸ਼ ਕਮੇਟੀ ਵੱਲੋਂ ਜਨ ਸੰਪਰਕ ਮੁਹਿੰਮ
ਰਤੀਆ (ਕੇਕੇ ਬਾਂਸਲ): ਖੇਤੀਬਾੜੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦੇ ਸੱਦੇ ਦੀ ਸਫ਼ਲਤਾ ਲਈ ਖੇਤੀ ਬਚਾਓ ਸੰਘਰਸ਼ ਕਮੇਟੀ ਹਰਿਆਣਾ ਵਲੋਂ ਚਲਾਈ ਜਨ ਸੰਪਰਕ ਮੁਹਿੰਮ ਤਹਿਤ ਅੱਜ ਪਿੰਡ ਲਾਂਬਾ ਦੇ ਗੁਰੂ ਘਰ ਵਿਚ ਪਿੰਡ ਪੱਧਰ ਦੀ ਜਨ ਸਭਾ ਕਰਵਾਈ ਗਈ। ਸਭਾ ਨੂੰ ਸੰਬੋਧਨ ਕਰਦਿਆਂ ਸਮਿਤੀ ਦੇ ਪ੍ਰਧਾਨ ਜਰਨੈਲ ਸਿੰਘ ਮਲਵਾਲਾ ਨੇ ਕਿਹਾ ਕਿ ਜਨਤਾ ਦੇ ਹਰ ਵਰਗ ਦਾ ਸਰਕਾਰ ਪ੍ਰਤੀ ਇੰਨਾ ਭਾਰੀ ਰੋਸ ਹੈ ਕਿ 27 ਸਤੰਬਰ ਨੂੰ ਭਾਰਤ ਬੰਦ ਦੌਰਾਨ ਪੂਰੇ ਭਾਰਤ ਨੂੰ ਹੀ ਲੌਕ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਕਿਤੇ ਵੀ ਕੋਈ ਵੀ ਟਰੈਫਿਕ ਨਹੀਂ ਚੱਲਣ ਦਿੱਤਾ ਜਾਵੇਗਾ।