ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 17 ਦਸੰਬਰ
ਗੁਰਦੁਆਰਾ ਛੇਵੀਂ ਅਤੇ ਨੌਵੀਂ ਪਾਤਸ਼ਾਹੀ, ਚੀਕਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੇ ਉਪਰਾਲੇ ਸਦਕਾ ਸਰਬਤ ਦਾ ਭਲਾ ਚੇਰੀਟੇਬਲ ਟਰੱਸਟ ਵੱਲੋਂ ਮੈਡੀਕਲ ਕਲੀਨਿਕ ਖੋਲ੍ਹੀ ਗਈ। ਇਸ ਦਾ ਉਦਘਾਟਨ ਸੰਤ ਅਮਰੀਕ ਸਿੰਘ ਕਾਰਸੇਵਾ ਪਟਿਆਲਾ ਵਾਲਿਆਂ ਨੇ ਕੀਤਾ। ਜ਼ਿਕਰਯੋਗ ਹੈ ਕਿ ਬਾਬਾ ਅਮਰੀਕ ਸਿੰਘ ਨੇ ਕਰੀਬ 50 ਲੱਖ ਰੁਪਏ ਲਾ ਕੇ ਇਸ ਕਲੀਨਿਕ ਦਾ ਭਵਨ ਤਿਆਰ ਕਰਵਾਇਆ ਹੈ।
ਉਦਘਾਟਨੀ ਸਮਾਗਮ ਦੌਰਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਸ ਲੈਬ ਵਿੱਚ ਲੋਕ ਬਹੁਤ ਹੀ ਘੱਟ ਅਤੇ ਸੀਮਤ ਕੀਮਤਾਂ ’ਤੇ ਆਪਣੇ ਹਰ ਪ੍ਰਕਾਰ ਦੇ ਟੈਸਟ ਕਰਵਾ ਸਕਣਗੇ। ਦਾਦੂਵਾਲ ਨੇ ਐੱੱਸ ਪੀ ਸਿੰਘ ਓਬਰਾਏ ਵੱਲੋਂ ਚੀਕਾ ਵਿੱਚ ਇੱਕ ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਖੋਲ੍ਹਣ ਦਾ ਵੀ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਓਬਰਾਏ ਨੇ ਪੂਰੇ ਦੇਸ਼ ਵਿੱਚ ਲਗਪਗ 50 ਕਲੀਨਿਕ ਖੋਲ੍ਹਣ ਦੀ ਐਲਾਨ ਕੀਤਾ ਹੋਇਆ ਹੈ, ਜਿਸ ਵਿਚੋਂ ਹਰਿਆਣਾ ਵਿੱਚ 12 ਲੈਬਾਂ ਬਣਾਈਆਂ ਜਾਣਗੀਆਂ। ਇਨ੍ਹਾਂ 12 ’ਚੋਂ ਸੱਤ ਲੈਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀਆਂ ਗਈਆਂ। ਇਨ੍ਹਾਂ ’ਚੋਂ ਤਿੰਨਾਂ ਦਾ ਪਿੰਡ ਦਾਦੂਵਾਲ, ਚੀਕਾ ਅਤੇ ਝੀਮਰਖੇੜੀ ਦਾ ਉਦਘਾਟਨ ਹੋ ਚੁੱਕਿਆ ਹੈ ਅਤੇ ਬਾਕੀ ਚਾਰਾਂ ਦਾ ਉਦਘਾਟਨ ਵੀ ਛੇਤੀ ਕੀਤਾ ਜਾਵੇਗਾ। ਡਾ. ਓਬਰਾਏ ਨੇ ਕਿਹਾ ਕਿ ਉਨ੍ਹਾਂ ਦੀ ਸਮਾਜਸੇਵਾ ਭਵਿੱਖ ਵਿੱਚ ਵੀ ਜਾਰੀ ਰਹੇਗੀ। ਅੰਤ ਵਿੱਚ ਬਾਬਾ ਅਮਰੀਕ ਸਿੰਘ ਨੇ ਸੰਬੋਧਨ ਕੀਤਾ।