ਪੱਤਰ ਪ੍ਰੇਰਕ
ਪਿਹੋਵਾ/ਸ਼ਾਹਬਾਦ ਮਾਰਕੰਡਾ, 6 ਅਪਰੈਲ
ਇੱਥੇ ਅੱਜ ਸਥਾਪਨਾ ਦਿਵਸ ਸਬੰਧੀ ਰੈਲੀ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਕੁਰੂਕਸ਼ੇਤਰ ਜ਼ਿਲ੍ਹੇ ਨੂੰ 317 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ 91 ਯੋਜਨਾਵਾਂ ਦਾ ਤੋਹਫ਼ਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ 14.30 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 4 ਮੈਗਾ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਸਬੰਧੀ ਪਿਹੋਵਾ ਦੀ ਅਨਾਜ ਮੰਡੀ ਵਿੱਚ ਜ਼ਿਲ੍ਹਾ ਪੱਧਰੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪਿੰਡ ਦੌਲਤਪੁਰ ਵਿੱਚ 33 ਕੇ.ਵੀ ਸਬ-ਸਟੇਸ਼ਨ, ਪਿੰਡ ਮੰਡੀ ਵਿੱਚ 33 ਕੇ.ਵੀ ਸਬ-ਸਟੇਸ਼ਨ, ਪਿੰਡ ਭੌਰ-ਸਰਸਾ ਵਿੱਚ 33 ਕੇ.ਵੀ ਬਿਜਲੀ ਸਬ-ਸਟੇਸ਼ਨ ਦਾ ਉਦਘਾਟਨ ਕੀਤਾ। ਭਾਜਪਾ ਦੇ 42ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਾਰਟੀ ਦਾ ਟੀਚਾ ਸਮਾਜ ਸੇਵਾ ਅਤੇ ਦੇਸ਼ ਦੀ ਸੇਵਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਪਿਹੋਵਾ ਪ੍ਰਸਿੱਧ ਤੀਰਥ ਸ਼ਹਿਰ ਹੈ, ਜਿੱਥੇ ਲੱਖਾਂ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸੁਚਾਰੂ ਯਾਤਰਾ ਲਈ ਪਿਹੋਵਾ ਨੂੰ ਚਾਰੇ ਪਾਸਿਓਂ ਨੈਸ਼ਨਲ ਹਾਈਵੇਅ ਨਾਲ ਜੋੜਿਆ ਜਾ ਰਿਹਾ ਹੈ। ਪਹਿਲਾਂ ਹਿਸਾਰ-ਅੰਬਾਲਾ ਚਾਰ ਮਾਰਗੀ ਹਾਈਵੇਅ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਇਸਮਾਈਲਾਬਾਦ-ਨਾਰਨੌਲ ਸੁਪਰ ਐਕਸਪ੍ਰੈੱਸ ਵੇਅ ਦਾ ਨਿਰਮਾਣ ਲਗਭਗ ਪੂਰਾ ਹੋ ਚੁੱਕਾ ਹੈ। ਇਸ ਨੂੰ ਦਿੱਲੀ ਮੁੰਬਈ ਐਕਸਪ੍ਰੈਸ ਹਾਈਵੇਅ ਨਾਲ ਜੋੜਿਆ ਜਾ ਰਿਹਾ ਹੈ। ਜਲਬੇੜਾ-ਸਾਹਾ ਨਵੇਂ ਨੈਸ਼ਨਲ ਹਾਈਵੇਅ ਦੇ ਨਿਰਮਾਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪਿਹੋਵਾ ਨਾਲ ਜੁੜੀ ਇੱਕ ਹੋਰ ਸੜਕ ਨੂੰ ਫੋਰ ਲੇਨ ਨੈਸ਼ਨਲ ਹਾਈਵੇਅ ਵਜੋਂ ਬਣਾਉਣ ਦਾ ਐਲਾਨ ਕੀਤਾ ਹੈ, ਜੋ ਕਿ ਪਟਿਆਲਾ ਤੋਂ ਸਹਾਰਨਪੁਰ ਤੱਕ ਐਕਸਪ੍ਰੈੱਸ ਹਾਈਵੇਅ ਬਣਾਇਆ ਜਾਵੇਗਾ, ਜੋ ਹਰਿਦੁਆਰ ਅਤੇ ਪਿਹੋਵਾ ਵਰਗੇ ਮਹੱਤਵਪੂਰਨ ਤੀਰਥ ਸਥਾਨਾਂ ਨੂੰ ਰਾਸ਼ਟਰੀ ਰਾਜਮਾਰਗ ਨਾਲ ਜੋੜੇਗਾ। ਮੁੱਖ ਮੰਤਰੀ ਨੇ ਪਿਹੋਵਾ ਸ਼ਹਿਰ ਨੂੰ ਜੋੜਨ ਵਾਲੀਆਂ ਪੰਜ ਸੜਕਾਂ ਨੂੰ ਚਾਰ ਮਾਰਗੀ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪਿਹੋਵਾ ਤੋਂ ਢੰਡ ਰੋਡ, ਸਯਾਨਾ ਸੱਯਦਾ ਰੋਡ, ਟਿੱਕਰੀ ਰੋਡ ਤੇ ਕੁਰੂਕਸ਼ੇਤਰ ਰੋਡ ਨੂੰ ਚੌੜਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸਰਸਵਤੀ ਤੀਰਥ ਪਿਹੋਵਾ ਲਈ 9 ਕਰੋੜ 50 ਲੱਖ ਦੇਣ ਦੀ ਗੱਲ ਵੀ ਕਹੀ ਹੈ।
ਇਸ ਮੌਕੇ ਖੇਡ ਮੰਤਰੀ ਸੰਦੀਪ ਸਿੰਘ, ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਸੰਸਦ ਮੈਂਬਰ ਨਾਇਬ ਸਿੰਘ ਸੈਣੀ, ਵਿਧਾਇਕ ਸੁਭਾਸ਼ ਸੁਧਾ, ਵਿਧਾਇਕ ਮੋਹਨ ਬਡੌਲੀ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਸੈਣੀ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕ੍ਰਿਸ਼ਨ ਬੇਦੀ, ਸਾਬਕਾ ਵਿਧਾਇਕ ਡਾ. ਪਵਨ ਸੈਣੀ ਹਾਜ਼ਰ ਸਨ।