ਪੱਤਰ ਪ੍ਰੇਰਕ
ਫਰੀਦਾਬਾਦ, 28 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਐਨਆਈਟੀ ਫਰੀਦਾਬਾਦ ਵਿਖੇ ਨਵੇਂ ਬਣੇ ‘ਡਾ. ਮੰਗਲ ਸੇਨ ਬੱਸ ਪੋਰਟ’ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਬਣੇ ਬੱਸ ਪੋਰਟ ਦੀਆਂ ਸਾਰੀਆਂ ਵਪਾਰਕ ਗਤੀਵਿਧੀਆਂ ਆਉਣ ਵਾਲੇ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਫਰੀਦਾਬਾਦ ਐਨਆਈਟੀ ਦੇ ਨਾਲ ਹੁਣ ਰਾਜ ਵਿੱਚ ਸਮਾਜਿਕ ਭਾਗੀਦਾਰੀ ਨਾਲ ਬੱਲਬਗੜ੍ਹ, ਸੋਨੀਪਤ, ਕਰਨਾਲ ਦੇ ਨਾਲ-ਨਾਲ ਜ਼ਿਲ੍ਹਾ ਗੁਰੂਗ੍ਰਾਮ ਵਿੱਚ ਦੋ ਨਵੇਂ ਬੱਸ ਪੋਰਟਾਂ ਦਾ ਨਿਰਮਾਣ ਕਰਕੇ ਯਾਤਰੀਆਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਕਦਮ ਚੁੱਕੇ ਜਾ ਰਹੇ ਹਨ।
ਹਰਿਆਣਾ ਸਰਕਾਰ ਯਾਤਰੀਆਂ ਨੂੰ ਸੁਰੱਖਿਅਤ, ਆਰਥਿਕ ਅਤੇ ਭਰੋਸੇਮੰਦ ਟਰਾਂਸਪੋਰਟ ਸਹੂਲਤ ਲਈ ਵਚਨਬੱਧ ਹੈ। ਵੱਖ-ਵੱਖ ਬੱਸ ਅੱਡਿਆਂ ਦਾ ਬਿਹਤਰ ਬੁਨਿਆਦੀ ਢਾਂਚੇ ਦੇ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 1980 ਦੇ ਦਹਾਕੇ ਵਿੱਚ ਉਨ੍ਹਾਂ ਨੇ ਫਰੀਦਾਬਾਦ ਤੋਂ ਆਪਣੇ ਸਮਾਜਿਕ ਜੀਵਨ ਦੀ ਸ਼ੁਰੂਆਤ ਕੀਤੀ ਸੀ। ਇੱਥੋਂ ਦੇ ਲੋਕ ਟੀਨ ਸ਼ੈੱਡ ਦੇ ਬੱਸ ਸਟੈਂਡ ਤੋਂ ਤੰਗ ਆ ਕੇ ਦੂਜੇ ਸ਼ਹਿਰਾਂ ਵਿੱਚ ਜਾਂਦੇ ਸਨ। ਉਨ੍ਹਾਂ ਆਮ ਆਦਮੀ ਦੀ ਸਮੱਸਿਆ ਬਾਰੇ ਮੁੱਦਾ ਚੁੱਕਿਆ ਸੀ ਤੇ ਅੱਜ ਉਨ੍ਹਾਂ ਦਾ ਸੁਪਨਾ ਸਾਕਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਨਵੇਂ ਬਣੇ ਐਨਆਈਟੀ ਬੱਸ ਸਟੈਂਡ ਨੂੰ ਡਾ. ਮੰਗਲਸੇਨ ਬੱਸ ਪੋਰਟ, ਐਨਆਈਟੀ ਫਰੀਦਾਬਾਦ ਵਜੋਂ ਜਾਣਿਆ ਜਾਵੇਗਾ। ਫਰੀਦਾਬਾਦ ਐਨਆਈਟੀ ਦੇ ਬੱਸ ਪੋਰਟ ਨੂੰ ਏਕੀਕ੍ਰਿਤ ਕੰਸੋਲੀਡੇਟਿਡ ਕਮਾਂਡ ਸੈਂਟਰ ਰਾਹੀਂ ਜੋੜਿਆ ਜਾਵੇਗਾ। ਇਸ ਦੇ ਨਾਲ ਹੀ ਆਨਲਾਈਨ ਟਿਕਟ ਬੁਕਿੰਗ ਅਤੇ ਬੱਸ ਦੀ ਮੌਜੂਦਾ ਸਥਿਤੀ ਵੀ ਜਾਣੀ ਜਾਵੇਗੀ। ਬੱਸ ਸਟੈਂਡ ਦੀ ਉਸਾਰੀ ’ਤੇ 130 ਕਰੋੜ ਰੁਪਏ ਦੀ ਲਾਗਤ ਆਈ ਹੈ। ਨੇੜਲੇ ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਦਿੱਲੀ, ਚੰਡੀਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ ਨੂੰ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਲਾਭ ਪਹੁੰਚਾਏਗਾ।
ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਦੇ ਨਾਲ-ਨਾਲ ਹੁਣ ਰੋਡਵੇਜ਼ ਦਾ ਪ੍ਰਤੀ ਕਿਲੋਮੀਟਰ ਮੁਨਾਫ਼ਾ ਵੀ ਵਧਿਆ ਹੈ। ਹੁਣ ਰਾਜ ਟਰਾਂਸਪੋਰਟ ਦੀਆਂ ਬੱਸਾਂ ਦਾ ਮੁਨਾਫ਼ਾ 27.5 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧ ਕੇ 39 ਰੁਪਏ ਹੋ ਗਿਆ ਹੈ। ਮੂਲਚੰਦ ਸ਼ਰਮਾ ਨੇ ਕਿਹਾ ਕਿ 5300 ਬੱਸਾਂ ਦੀ ਲੋੜ ਨੂੰ ਪੂਰਾ ਕਰਦੇ ਹੋਏ ਬੱਸਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ।