ਪੱਤਰ ਪ੍ਰੇਰਕ
ਟੋਹਾਣਾ, 7 ਮਈ
ਇਥੋਂ ਦੇ ਪਿੰਡ ਰੱਤਾਖੇੜਾ ਵਿੱਚ ਸ੍ਰੀ ਧੰਨਾ ਭਗਤ ਦੀ ਬਣਾਈ ਗਈ ਧਰਮਸ਼ਾਲਾ ਦੇ ਮੁੱਖ ਹਾਲ ਦਾ ਉਦਘਾਟਨ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਬਲੀ ਨੇ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਦੇ ਹਰ ਪਰਿਵਾਰ ਨੂੰ ਇਸ ਭਵਨ ਵਿੱਚ ਪਿੰਡ ਦੇ ਸਾਂਝੇ ਕੰਮ ਕਰਵਾਉਣ ਲਈ ਪ੍ਰੇਰਿਆ। ਕਿਸਾਨ ਅੰਦੋਲਨ ਦੌਰਾਨ ਪਿੰਡ ਦੇ ਕਿਸਾਨਾਂ ਦਾ ਵੱਡੇ ਪੱਧਰ ’ਤੇ ਸਹਿਯੋਗ ਕਰਨ ਮਗਰੋਂ ਅੱਜ ਮੰਤਰੀ ਦਵਿੰਦਰ ਬਬਲੀ ਪਿੰਡ ਪੁੱਜੇ ਤਾਂ ਪਿੰਡ ਵਾਸੀਆਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ੍ਰੀ ਬਬਲੀ ਨੇ ਧੰਨਾ ਭਗਤ ਨੂੰ ਦਿਹਾਤ ਦੀ ਮਿੱਟੀ ਨਾਲ ਜੁੜਿਆ ਹੋਇਆ ਤੇ ਗਊ ਪਾਲਣ ਵਾਲਾ ਮਹਾਨ ਸੰਤ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਬਾਣੀ ਗੁਰੂੁ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਕਰਕੇ ਇਨ੍ਹਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਸ੍ਰੀ ਬਬਲੀ ਨੇ ਹਾਲ ਦਾ ਉਦਘਾਟਨ ਕਰਨ ਤੋਂ ਬਾਦ ਕਈਆਂ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣੀਆਂ।