ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, (ਕੈਥਲ), 25 ਸਤੰਬਰ
ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਐਤਵਾਰ ਨੂੰ ਇੱਥੇ ਸੈਕਟਰ-20 ਵਿੱਚ ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੀ 109ਵੀਂ ਜਯੰਤੀ ’ਤੇ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਉਹ ਕਿਰਤੀ ਲੋਕਾਂ ਲਈ ਮਸੀਹਾ ਸਨ। ਸਮਾਗਮ ਵਾਲੀ ਥਾਂ ’ਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਪਾਰਕ ਵਾਲੀ ਥਾਂ ’ਤੇ ਹਵਨ ਯੱਗ ਕੀਤਾ। ਇਸ ਮੌਕੇ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਬਲੀ, ਜੇਜੇਪੀ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ, ਜੇਜੇਪੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ, ਵਿਧਾਇਕ ਈਸ਼ਵਰ ਸਿੰਘ, ਵਿਧਾਇਕ ਰਾਮਕਰਨ ਕਾਲਾ, ਵਿਧਾਇਕ ਅਮਰਜੀਤ ਸਿੰਘ ਢਾਂਡਾ ਆਦਿ ਹਾਜ਼ਰ ਸਨ। ਇਸ ਤੋਂ ਬਾਅਦ ਉਹ ਸਥਾਨਕ ਆਰ.ਕੇ. ਫਾਰਮ ਵਿੱਚ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਏ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਕਿਸਾਨਾਂ, ਕਿਰਤੀ ਲੋਕਾਂ ਦੇ ਮਸੀਹਾ ਸਨ। ਉਨ੍ਹਾਂ ਕਿਹਾ ਕਿ ਤਾਊ ਦੇਵੀ ਲਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੱਜ ਸੂਬੇ ਭਰ ਵਿੱਚ 108 ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਹਨ ਕਿਉਂਕਿ ਉਨ੍ਹਾਂ ਦੀ ਪੜ੍ਹਾਈ ਵੱਲ ਵਿਸ਼ੇਸ਼ ਝੁਕਾਅ ਸੀ। ਪਿੰਡਾਂ ਵਿੱਚ ਲਾਇਬ੍ਰੇਰੀਆਂ ਖੁੱਲਣ ਨਾਲ ਸਥਾਨਕ ਨੌਜਵਾਨਾਂ ਨੂੰ ਪੜਾਈ ਕਰਨ ਦਾ ਮੌਕਾ ਮਿਲੇਗਾ ਅਤੇ ਇਹ ਬੱਚੇ ਪੜ੍ਹਾਈ ਦੇ ਬਲ ’ਤੇ ਬਾਅਦ ਵਿੱਚ ਉੱਚੇ ਮੁਕਾਮ ਹਾਸਲ ਕਰ ਸਕਣਗੇ।
ਚੌਟਾਲਾ ਨੇ ਕਿਹਾ, ‘‘ਦੇਵੀ ਲਾਲ ਨੇ ਹਰਿਆਣਾ ਰਾਜ ਦੀ ਤਰੱਕੀ ਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਸੀ ਕਿ ਅਸਲ ਭਾਰਤ ਪਿੰਡਾਂ ਵਿੱਚ ਵਸਦਾ ਹੈ ਅਤੇ ਅੱਜ ਵੀ ਲਗਭਗ 70 ਫੀਸਦੀ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿ ਰਹੀ ਹਨ। ਅਸੀਂ ਸਾਰੇ ਪੇਂਡੂ ਖੇਤਰਾਂ ਦੇ ਵਿਕਾਸ ਲਈ ਕੰਮ ਕਰ ਰਹੇ ਹਾਂ।’’