ਗੁਰਦੀਪ ਸਿੰਘ ਭੱਟੀ/ਆਤਿਸ਼ ਗੁਪਤਾ
ਟੋਹਾਣਾ/ਚੰਡੀਗੜ੍ਹ, 1 ਜੂਨ
ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਵੈਕਸੀਨੇਸ਼ਨ ਸੈਂਟਰ ਦਾ ਉਦਘਾਟਨ ਕਰਨ ਪੁੱਜੇ ਜੇਜੇਪੀ ਦੇ ਵਿਧਾਇਕ ਦਵਿੰਦਰ ਸਿੰਘ ਬਬਲੀ ਦਾ ਕਿਸਾਨਾਂ ਨੇ ਘਿਰਾਓ ਕੀਤਾ। ਜੇਜੇਪੀ ਆਗੂ ਦੇ ਪੁੱਜਣ ’ਤੇ ਕਿਸਾਨਾਂ ਨੇ ਟੋਹਾਣਾ-ਹਿਸਾਰ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਤੇ ਵਿਧਾਇਕ ਨੂੰ ਕਾਲੇ ਝੰਡੇ ਦਿਖਾਏ। ਪੁਲੀਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਮਾਮੂਲੀ ਝੜਪ ਹੋਈ, ਜਿਸ ਦੌਰਾਨ ਤਿੰਨ ਕਿਸਾਨ ਜ਼ਖ਼ਮੀ ਹੋ ਗਏ।
ਕਿਸਾਨਾਂ ਦੇ ਵਿਰੋਧ ਦੌਰਾਨ ਵਿਧਾਇਕ ਦੀ ਗੱਡੀ ਦਾ ਸ਼ੀਸ਼ਾ ਭੰਨਿਆ ਗਿਆ ਤੇ ਉਨ੍ਹਾਂ ਦੇ ਨਿੱਜੀ ਸਕੱਤਰ ਰਾਧੇ ਬਿਸ਼ਨੋਈ ਦੇ ਵੀ ਸੱਟਾਂ ਲੱਗੀਆਂ। ਵਿਧਾਇਕ ਨੇ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜੇਜੇਪੀ ਤੇ ਭਾਜਪਾ ਵਿਧਾਇਕਾਂ ਨੂੰ ਸਰਕਾਰੀ ਸਮਾਗਮ ਨਾ ਕਰਨ ਤੇ ਪਿੰਡਾਂ ਵਿੱਚ ਦਾਖ਼ਲ ਨਾ ਹੋਣ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਇੱਥੋਂ ਦੇ ਜੇਜੇਪੀ ਵਿਧਾਇਕ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਿਵਿਆਂਗ ਬੱਚਿਆਂ ਲਈ ਟੀਕਾਕਰਨ ਦਾ ਉਦਘਾਟਨ ਕਰਨ ਤੇ ਭਲਕੇ ਦੋ ਜੂਨ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਇਸ ਦੇ ਵਿਰੋਧ ਦੇ ਸੰਕੇਤ ਦਿੱਤੇ ਸਨ। ਅੱਜ ਹਸਪਤਾਲ ’ਚ ਜਾਣ ਤੋਂ ਪਹਿਲਾਂ ਦੁਪਹਿਰ ਬਾਅਦ ਜਦੋਂ ਵਿਧਾਇਕ ਦਵਿੰਦਰ ਸਿੰਘ ਬਬਲੀ ਬਾਜ਼ਾਰ ਵਿੱਚ ਕੁਝ ਸਾਮਾਨ ਖਰੀਦ ਰਹੇ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ।
ਇਸੇ ਦੌਰਾਨ ਡੀਐੱਸਪੀ ਬਿਰਮ ਸਿੰਘ ਦੇ ਪੁੱਜਣ ’ਤੇ ਵਿਧਾਇਕ ਕਾਰ ਵਿੱਚੋਂ ਬਾਹਰ ਆ ਗਏ ਤੇ ਕਿਸਾਨਾਂ ਨਾਲ ਗਾਲੀ-ਗਲੋਚ ਕੀਤਾ, ਜਿਸ ਮਗਰੋਂ ਮਾਹੌਲ ਤਣਾਅਪੂਰਨ ਤੋਂ ਗਿਆ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਗਈ ਤੇ ਵਿਧਾਇਕ ਦੀ ਮਾੜੀ ਸ਼ਬਦਾਵਲੀ ਤੋਂ ਨਾਰਾਜ਼ ਕਿਸਾਨਾਂ ਨੇ ਉਸ ਨੂੰ ਹਸਪਤਾਲ ਘੇਰਨ ਦਾ ਪ੍ਰੋਗਰਾਮ ਬਣਾਇਆ। ਮਗਰੋਂ ਡੀਐੱਸਪੀ ਨੇ ਵਿਧਾਇਕ ਨੂੰ ਕਾਰ ਵਿੱਚ ਬਿਠਾ ਕੇ ਭੇਜ ਦਿੱਤਾ।
ਇਸ ਮਗਰੋਂ ਜਦੋਂ ਵਿਧਾਇਕ ਦੀਆਂ ਕਾਰਾਂ ਦਾ ਕਾਫ਼ਲਾ ਹਸਪਤਾਲ ਪੁੱਜਾ ਤਾਂ ਸੈਂਕੜੇ ਕਿਸਾਨ ਕਾਲੇ ਝੰਡੇ ਲੈ ਕੇ ਹਸਪਤਾਲ ਦੇ ਗੇਟ ਵਿੱਚ ਖੜ੍ਹੇ ਹੋ ਗਏ ਤੇ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਕਿਸਾਨਾਂ ’ਤੇ ਹਲਕਾ ਲਾਠੀਚਾਰਜ ਕੀਤਾ, ਜਿਸ ਵਿੱਚ ਤਿੰਨ ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ’ਚ ਭਰਤੀ ਕੀਤਾ ਗਿਆ ਹੈ। ਇਸ ਮਗਰੋਂ ਕਿਸਾਨਾਂ ਨੇ ਹਿਸਾਰ-ਚੰਡੀਗੜ੍ਹ ਹਾਈਵੇਅ ਸਣੇ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ। ਕਿਸਾਨ ਆਗੂ ਮਨਜੀਤ, ਲਾਭ ਸਿੰਘ, ਹਰੀ ਸਿੰਘ, ਰਣਜੀਤ ਸਿੰਘ ਢਿੱਲੋਂ, ਰਮੇਸ਼ ਡਾਂਗਰਾ, ਧੀਰਜ ਗਾਬਾ, ਰਮੇਸ਼ ਖੋਬੜਾ ਨੇ ਆਖਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਐਲਾਨ ਦੇ ਬਾਵਜੂਦ ਸੱਤਾਧਾਰੀ ਪਾਰਟੀ ਦੇ ਲੋਕ ਸਾਜ਼ਿਸ਼ ਤਹਿਤ ਪ੍ਰੋਗਰਾਮ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਵਿਧਾਇਕ ਮੰਦੀ ਭਾਸ਼ਾ ਵਰਤਣ ਲਈ ਕਿਸਾਨਾਂ ਤੋਂ ਮੁਆਫ਼ੀ ਮੰਗੇ। ਇਸ ਦੌਰਾਨ ਡੀਐੱਸਪੀ ਬਿਰਮ ਸਿੰਘ ਤੇ ਐੱਸਡੀਐੱਮ ਧਰਨੇ ਵਾਲੀ ਥਾਂ ’ਤੇ ਪੁੱਜੇ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਨਾ ਕਰਨ ਦੇ ਦਿੱਤੇ ਭਰੋਸੇ ਮਗਰੋਂ ਕਿਸਾਨਾਂ ਨੇ ਦੇਰ ਸ਼ਾਮ ਨੂੰ ਧਰਨਾ ਚੁੱਕ ਲਿਆ।
ਮੈਂ ਵੀ ਆਮ ਆਦਮੀ ਹਾਂ: ਦਵਿੰਦਰ ਬਬਲੀ
ਟੋਹਾਣਾ ਵਿੱਚ ਵਾਪਰੀ ਘਟਨਾ ਤੋਂ ਬਾਅਦ ਜੇਜੇਪੀ ਵਿਧਾਇਕ ਦਵਿੰਦਰ ਬਬਲੀ ਨੇ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਅੱਗੇ ਗੱਡੀ ਲਗਾ ਕੇ ਜਬਰੀ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਹ ਵੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਆਮ ਆਦਮੀ ਹਨ। ਕਿਸਾਨਾਂ ਵੱਲੋਂ ਇਸ ਤਰ੍ਹਾਂ ਵਿਰੋਧ ਕਰਨਾ ਗ਼ਲਤ ਹੈ।
ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵਰਤਣਾ ਨਿੰਦਣਯੋਗ: ਚੜੂਨੀ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਰੱਦ ਹੋਣ ਤੱਕ ਹਰਿਆਣਾ ਵਿੱਚ ਸੂਬਾ ਸਰਕਾਰ ਦੇ ਆਗੂਆਂ ਦਾ ਵਿਰੋਧ ਜਾਰੀ ਰਹੇਗਾ। ਜੇਜੇਪੀ ਵਿਧਾਇਕ ਦਵਿੰਦਰ ਬਬਲੀ ਵੱਲੋਂ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵਰਤਣਾ ਨਿੰਦਣਯੋਗ ਹੈ। ਉਨ੍ਹਾਂ ਨੇ ਆਖਿਆ ਕਿ ਭਲਕੇ ਦੋ ਜੂਨ ਨੂੰ ਵੀ ਟੋਹਾਣਾ ਵਿੱਚ ਵਿਧਾਇਕ ਦਵਿੰਦਰ ਬਬਲੀ ਦੇ ਹੋਣ ਵਾਲੇ ਸਮਾਗਮਾਂ ਦਾ ਵਿਰੋਧ ਕੀਤਾ ਜਾਵੇਗਾ। ਸ੍ਰੀ ਚੜੂਨੀ ਨੇ ਸੂਬੇ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਟੋਹਾਣਾ ਪਹੁੰਚਣ ਦੀ ਅਪੀਲ ਕੀਤੀ।