ਪੱਤਰ ਪ੍ਰੇਰਕ
ਯਮੁਨਾਨਗਰ, 26 ਮਾਰਚ
ਇੱਥੋਂ ਦੇ ਪ੍ਰੇਮ ਨਗਰ ਵਾਸੀ ਵੈਦ ਰਾਮ ਲਾਲ ਅਪਣੇ ਜੀਵਨ ਦੇ 103 ਸਾਲ ਪੂਰੇ ਕਰਨ ਦੇ ਬਾਵਜੂਦ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਆਯੁਰਵੈਦ ਚਿਕਿਤਸਾ ਰਹੀਂ ਲੋਕਾਂ ਦੀ ਸੇਵਾ ਕਰ ਰਹੇ ਹਨ। ਸਨ 1957 ਵਿੱਚ ਹਿੰਦੀ ਭਾਸ਼ਾ ਦੀ ਰੱਖਿਆ ਲਈ ਚਲੇ ਅੰਦੋਲਨ ਵਿੱਚ ਭੂਮਿਕਾ ਨਿਭਾਉਣ ਦੇ ਮੱਦੇਨਜ਼ਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਫੈਸਲੇ ਦੇ ਤਹਿਤ ਉਨ੍ਹਾਂ ਨੂੰ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ 10 ਹਜ਼ਾਰ ਰੁਪਏ ਦੀ ਮਾਸਿਕ ਪੈਨਸ਼ਨ ਦਿੱਤੀ ਜਾ ਰਹੀ ਹੈ। 103 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਹ ਡੀਪੀਆਰਓ ਦੇ ਦਫਤਰ ਵਿੱਚ ਵਿਅਕਤੀਗਤ ਰੂਪ ਵਿੱਚ ਆ ਕੇ ਅਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਲਈ ਆਉਂਦੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਅਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ 30 ਅਪਰੈਲ 1957 ਤੋਂ 27 ਦਸੰਬਰ 1957 ਤੱਕ ਚੱਲੇ ਹਿੰਦੀ ਅੰਦੋਲਨ ਵਿੱਚ ਭੂਮਿਕਾ ਨਿਭਾਉਣ ਕਰਕੇ ਉਨ੍ਹਾਂ ਨੂੰ ਸਰਕਾਰੀ ਰੈਸਟ ਹਾਊਸ ਅਤੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਆਪਣੀ ਸਿਹਤਮੰਦ ਜ਼ਿੰਦਗੀ ਦਾ ਰਾਜ ਸਾਂਝਾ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਸਾਦਾ ਭੋਜਨ, ਯੋਗ, ਕਸਰਤ ਅਤੇ ਗਾਂ ਦਾ ਦੁੱਧ ਅਤੇ ਘੀ ਹੀ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ ਹੈ। ਉਨ੍ਹਾਂ ਨੇ ਹਮੇਸ਼ਾ ਜੀਵਨ ਵਿੱਚ ਪ੍ਰਾਚੀਨ ਆਯੁਰਵੈਦਕ ਦਵਾਈਆਂ ਦਾ ਹੀ ਇਸਤੇਮਾਲ ਕੀਤਾ ਹੈ। ਉਨ੍ਹਾਂ ਦੇ ਮੁਤਾਬਕ ਦੇਸੀ ਦਵਾਈਆਂ ਨਾਲ ਰੋਗਾਂ ਦਾ ਪੱਕਾ ਅਤੇ ਸਥਾਈ ਇਲਾਜ ਕੀਤਾ ਜਾ ਸਕਦਾ ਹੈ।