ਪੱਤਰ ਪ੍ਰੇਰਕ
ਏਲਨਾਬਾਦ, 7 ਦਸੰਬਰ
ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਵਿੱਚ ਆਈਲੈਟਸ ਸੈਂਟਰ ਚਲਾ ਰਹੇ ਪੰਜਾਬ ਸਿੰਘ ਪੁੱਤਰ ਰਤਨ ਸਿੰਘ ਵਾਸੀ ਕਰੀਵਾਲਾ ਦੀ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਪਿਤਾ ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਪੰਜਾਬ ਸਿੰਘ ਦਾ ਵਿਆਹ ਅਵਨੀਤ ਕੌਰ ਪੁੱਤਰੀ ਦੀਪ ਸਿੰਘ ਵਾਸੀ ਜੌੜਕੀਆਂ ਹਾਲ ਆਬਾਦ ਟਿੱਬੀ (ਰਾਜਸਥਾਨ) ਨਾਲ ਕਰੀਬ 10 ਸਾਲ ਪਹਿਲਾਂ ਹੋਈ ਸੀ। ਅਵਨੀਤ ਕੌਰ ਕਰੀਬ 10 ਮਹੀਨੇ ਪਹਿਲਾਂ ਉਨ੍ਹਾਂ ਦੇ ਪੁੱਤਰ ਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ ਸੀ। ਉਸ ਤੋਂ ਬਾਅਦ ਹੋਈ ਪੰਚਾਇਤ ਵਿੱਚ ਵੀ ਅਵਨੀਤ ਕੌਰ ਨੇ ਆਪਣੇ ਸਹੁਰੇ ਘਰ ਆਉਣ ਤੋਂ ਨਾਂਹ ਕਰ ਦਿੱਤੀ। ਹੁਣ ਉਹ ਦੋਨੋਂ ਅਲੱਗ-ਅਲੱਗ ਰਹਿ ਰਹੇ ਸਨ। ਸ਼ਿਕਾਇਤਕਰਤਾ ਨੇ ਲਿਖਿਆ ਹੈ ਕਿ ਅਵਨੀਤ ਕੌਰ, ਅਵਨੀਤ ਕੌਰ ਦੀ ਮਾਤਾ ਛਿੰਦਰ ਕੌਰ, ਪਿਤਾ ਦੀਪ ਸਿੰਘ, ਭਰਾ ਪ੍ਰਗਟ ਸਿੰਘ ਵਾਸੀ ਟਿੱਬੀ ਅਤੇ ਅਵਨੀਤ ਕੌਰ ਦੀ ਮਾਸੀ ਅਤੇ ਮਾਸੜ ਲਖਵਿੰਦਰ ਸਿੰਘ ਪੰਜਾਬ ਸਿੰਘ ਨੂੰ ਪਿਛਲੇ ਲੰਬੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਪਿਛਲੀ ਰਾਤ ਜਦੋਂ ਪੰਜਾਬ ਸਿੰਘ ਏਲਨਾਬਾਦ ਤੋਂ ਆਪਣਾ ਕੋਚਿੰਗ ਸੈਂਟਰ ਬੰਦ ਕਰਕੇ ਆਪਣੇ ਪਿੰਡ ਕਰੀਵਾਲਾ ਜਾ ਰਿਹਾ ਸੀ ਤਾਂ ਘੱਗਰ ਨਦੀ ਦੇ ਕੋਲ ਮੋਟਰਸਾਈਕਲ ਅਤੇ ਕਾਰ ’ਤੇ ਆਏ ਹਮਲਾਵਰਾਂ ਨੇ ਪੰਜਾਬ ਸਿੰਘ ’ਤੇ ਤਾਬੜਤੋੜ ਫਾਈਰਿੰਗ ਕਰ ਦਿੱਤੀ। ਇਸ ਦੌਰਾਨ ਪੰਜਾਬ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ਿਕਾਇਤ ਕਰਤਾ ਨੇ ਲਿਖਿਆ ਹੈ ਕਿ ਉਸ ਦੇ ਪੁੱਤਰ ਪੰਜਾਬ ਸਿੰਘ ਦੀ ਹੱਤਿਆ ਉਸ ਦੇ ਸਹੁਰੇ ਪਰਿਵਾਰ ਅਤੇ ਉਕਤ ਲੋਕਾਂ ਵਲੋਂ ਕੀਤੀ ਗਈ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।