ਪੱਤਰ ਪ੍ਰੇਰਕ
ਗੂਹਲਾ ਚੀਕਾ, 12 ਸਤੰਬਰ
ਸਬ ਡਵੀਜ਼ਨ ਗੂਹਲਾ ਦੇ ਪਿੰਡ ਗੋਬਿੰਦਪੁਰਾ ਦੇ ਰਹਿਣ ਵਾਲੇ ਪਤੀ ਪਤਨੀ ਦੀ ਕੰਟੇਨਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਜਦਕਿ ਹਾਦਸੇ ਵਿੱਚ ਉਨ੍ਹਾਂ ਦੀ ਬੇਟੀ ਗੰਭੀਰ ਹੋ ਗਈ, ਜਿਸ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਸਤਨਾਮ ਸਿੰਘ ਅਤੇ ਮਨਜੀਤ ਕੌਰ ਵਜੋਂ ਹੋਈ ਹੈ। ਉਹ ਆਪਣੀ ਬੇਟੀ ਕੋਮਲਪ੍ਰੀਤ ਲਈ ਖਰੀਦਦਾਰੀ ਕਰਕੇ ਮੋਟਰਸਾਈਕਲ ’ਤੇ ਘਰ ਪਰਤ ਰਹੇ ਸਨ, ਜਿਸ ਨੇ ਸਟੱਡੀ ਵੀਜ਼ੇ ’ਤੇ 20 ਸਤੰਬਰ ਨੂੰ ਕੈਨੇਡਾ ਰਵਾਨਾ ਹੋਣਾ ਸੀ। ਸਤਨਾਮ ਸਿੰਘ (55) ਪੰਜਾਬ ਵੇਅਰ ਹਾਊਸ ਵਿੱਚ ਮੁਲਾਜ਼ਮ ਵਜੋਂ ਤਾਇਨਾਤ ਸੀ। ਪੁਲੀਸ ਅਨੁਸਾਰ ਉਸ ਨੂੰ ਪਿੱਛੇ ਆ ਰਹੇ ਇੱਕ ਕੰਟੇਨਰ ਨੇ ਪੀਡਲ ਸਥਿਤ ਅਰਮਾਨ ਹੋਟਲ ਨੇੜੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਸਤਨਾਮ ਸਿੰਘ ਅਤੇ ਪਤਨੀ ਮਨਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕੋਮਲਪ੍ਰੀਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਕੋਮਲਪ੍ਰੀਤ ਨੂੰ ਜ਼ਖ਼ਮੀ ਹਾਲਤ ’ਚ ਗੂਹਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੋਂ ਗੰਭੀਰ ਹਾਲਤ ਕਾਰਨ ਉਸ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ।