ਪੱਤਰ ਪ੍ਰੇਰਕ
ਯਮੁਨਾਨਗਰ, 17 ਮਈ
ਹਰਿਆਣਾ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਪ੍ਰਤੀ ਸੰਜੀਦਗੀ ਨਾਲ ਸਮਝੌਤਾ ਨਾ ਕਰਨ ਦੇ ਵਿਰੋਧ ’ਚ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਨਗਰ ਨਿਗਮ ਦਫ਼ਤਰ ਦੇ ਗੇਟ ਮੁਹਰੇ ਦੋ ਰੋਜ਼ਾ ਭੁੱਖ ਹੜਤਾਲ ’ਤੇ ਬੈਠ ਗਏ । ਅੱਜ ਪਹਿਲੇ ਦਿਨ ਦੀ ਭੁੱਖ ਹੜਤਾਲ ਦੀ ਅਗਵਾਈ ਸੀਨੀਅਰ ਮੀਤ ਪ੍ਰਧਾਨ ਰਾਜਕੁਮਾਰ ਧਾਰੀਵਾਲ ਨੇ ਕੀਤੀ। ਮੰਚ ਦਾ ਸੰਚਾਲਨ ਸ਼ਾਖਾ ਸਕੱਤਰ ਪ੍ਰਵੇਸ਼ ਪਰੋਚਾ ਨੇ ਕੀਤਾ। ਪਹਿਲੇ ਦਿਨ ਦੀ ਭੁੱਖ ਹੜਤਾਲ ਵਿੱਚ ਨਗਰ ਨਿਗਮ ਦੇ 24 ਅਤੇ ਫਾਇਰ ਬ੍ਰਿਗੇਡ ਦੇ ਸੱਤ ਮੁਲਾਜ਼ਮਾਂ ਨੇ ਹਿੱਸਾ ਲਿਆ ਅਤੇ ਸੂਬਾ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਭੁੱਖ ਹੜਤਾਲ ’ਤੇ ਬੈਠੇ ਕਰਮਚਾਰੀਆਂ ਦਾ ਜ਼ਿਲ੍ਹਾ ਸਕੱਤਰ ਮਹੀਪਾਲ ਸੌਦਾ ਅਤੇ ਗੁਲਸ਼ਨ ਭਾਰਦਵਾਜ, ਬਲਾਕ ਪ੍ਰਧਾਨ ਜੋਤ ਸਿੰਘ, ਆਂਗਣਵਾੜੀ ਜ਼ਿਲ੍ਹਾ ਪ੍ਰਧਾਨ ਰੇਖਾ ਸੈਣੀ, ਸੀਟੂ ਆਗੂ ਰੋਸ਼ਨ ਲਾਲ, ਸੋਭਨ ਸਿੰਘ ਨੇ ਹਾਰ ਪਾ ਕੇ ਆਪਣਾ ਸਮਰਥਨ ਦਿੱਤਾ।
ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਮਾਂਗੇ ਰਾਮ ਤਿਗੜਾ ਨੇ ਦੱਸਿਆ ਕਿ ਮੁਲਾਜ਼ਮ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਨੂੰ ਭੰਗ ਕਰਨ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਛਾਂਟੀ ਤੇ ਬਰਖ਼ਾਸਤ ਮੁਲਾਜ਼ਮਾਂ ਨੂੰ ਬਹਾਲ ਕਰਨ, ਸਰਕਾਰ ਅਤੇ ਕਰਮਚਾਰੀਆਂ ਵਿਚਾਲੇ ਅਗਸਤ 2020 ਦੇ ਸਮਝੌਤੇ ਨੂੰ ਲਾਗੂ ਕਰਵਾਊਣ ਅਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ । ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਅਤੇ ਕਰਮਚਾਰੀਆਂ ਵਿਚਾਲੇ ਸਹਿਮਤੀ ਹੋਣ ਤੋਂ ਬਾਅਦ ਵੀ ਮੰਨੀਆਂ ਮੰਗਾਂ ਦੇ ਪੱਤਰ ਵੀ ਜਾਰੀ ਨਹੀਂ ਕੀਤੇ ਗਏ । ਉਨ੍ਹਾਂ ਨੇ ਕਿਹਾ ਕਿ ਵਿਭਾਗਾਂ ਦੇ ਮੁਲਾਜ਼ਮ ਸਰਕਾਰ ਦੇ ਇਸ ਵਤੀਰੇ ਤੋਂ ਨਾਰਾਜ਼ ਹਨ। ਸ੍ਰੀ ਮਾਂਗੇਰਾਮ ਨੇ ਕਿਹਾ ਕਿ ਜੇਕਰ ਸਰਕਾਰ ਭੁੱਖ ਹੜਤਾਲ ਦੇ ਬਾਅਦ ਵੀ ਕੁੰਭਕਰਨੀ ਨੀਂਦ ਤੋਂ ਨਹੀਂ ਜਾਗੀ ਤਾਂ ਸੂਬੇ ਭਰ ਦੇ 40 ਹਜ਼ਾਰ ਮੁਲਾਜ਼ਮ ਪੈੱਨ ਡਾਊਨ ਅਤੇ ਟੂਲ ਡਾਊਨ ਹੜਤਾਲ ਕਰਕੇ 23-24 ਮਈ ਨੂੰ ਕੰਮ ਬੰਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਮੌਜੂਦਾ ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਸਨ 2014 ਵਿੱਚ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਜਨਤਾ ਨਾਲ ਬਹੁਤ ਹੀ ਲੋਕ-ਲੁਭਾਊ ਵਾਅਦੇ ਕੀਤੇ ਸਨ ਅਤੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿਚ ਆਉਂਦੇ ਸਾਰ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਪਰ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ।