ਪੱਤਰ ਪ੍ਰੇਰਕ
ਯਮੁਨਾਨਗਰ, 3 ਜੂਨ
ਮੁੱਖ ਅੰਸ਼
- ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ 12 ਜੂਨ ਤੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਨਗਰਪਾਲਿਕਾ ਕਰਮਚਾਰੀ ਸੰਘ ਵੱਲੋਂ ਦਿੱਤੇ ਸੱਦੇ ’ਤੇ ਮਾਰਕੀਟ ਕਮੇਟੀ ਛਛਰੌਲੀ ਅਤੇ ਬਿਲਾਸਪੁਰ ਦੇ ਫਾਇਰ ਬ੍ਰਿਗੇਡ ਅਤੇ ਨਗਰਪਾਲਿਕਾ ਕਰਮਚਾਰੀ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ। ਦੂਜੇ ਦਿਨ ਭੁੱਖ ਹੜਤਾਲ ’ਤੇ ਬੈਠਣ ਵਾਲੇ ਕਰਮਚਾਰੀਆਂ ਵਿੱਚ ਦਿਨੇਸ਼ ਕੁਮਾਰ, ਸਤਨਾਮ ਸਿੰਘ, ਸਤੀਸ਼ ਕੁਮਾਰ, ਦੀਪ ਚੰਦ, ਰਿੰਕੂ ਅਤੇ ਦੀਪਕ ਸ਼ਾਮਲ ਹਨ। ਸੰਘ ਦੇ ਸੂਬਾ ਜਨਰਲ ਸਕੱਤਰ ਮਾਂਗੇ ਰਾਮ ਤਿਗਰਾ, ਪ੍ਰੈੱਸ ਸਕੱਤਰ ਗੁਲਸ਼ਨ ਭਾਰਦਵਾਜ, ਸੀਨੀਅਰ ਮੀਤ ਪ੍ਰਧਾਨ ਪਰਵੇਸ਼ ਪਰੋਚਾ ਅਤੇ ਜਰਨੈਲ ਸਿੰਘ ਚਿਨਾਲੀਆ ਨੇ ਕਿਹਾ ਸਰਕਾਰ ਅਤੇ ਕਰਮਚਾਰੀਆਂ ਵਿਚਾਲੇ 25 ਅਪਰੈਲ ਨੂੰ ਗੱਲਬਾਤ ਹੋਈ ਸੀ, ਜਿਸ ਵਿੱਚ ਸਰਕਾਰ ਨੇ 30 ਮਈ ਤੱਕ ਦਾ ਸਮਾਂ ਮੰਗਿਆ ਸੀ, ਪਰ ਹੁਣ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਨੇ ਅੰਦੋਲਨ ਦੀ ਨਵੀਂ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਤੇ 12 ਜੂਨ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨੂੰ ਯਾਦ-ਪੱਤਰ ਸੌਂਪੇ ਜਾਣਗੇ। 16 ਤੋਂ 18 ਜੂਨ ਤੱਕ ਲੋਕਾਂ ਵਿੱਚ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ । ਇਸ ਤੋਂ ਬਾਅਦ 23 ਅਤੇ 24 ਜੂਨ ਨੂੰ ਦਸ ਨਗਰ ਨਿਗਮਾਂ, 19 ਨਗਰ ਪਰਿਸ਼ਦਾਂ 48 ਨਗਰਪਾਲਿਕਾਵਾਂ ਦੇ ਕਰਮਚਾਰੀ ਭੁੱਖ ਹੜਤਾਲ ਕਰਨਗੇ। ਇਸ ਤੋਂ ਬਾਅਦ 29 ਤੇ 30 ਜੂਨ ਨੂੰ 32 ਹਜ਼ਾਰ ਕਰਮਚਾਰੀ ਸਮੂਹਿਕ ਛੁੱਟੀ ’ਤੇ ਚਲੇ ਜਾਣਗੇ। ਫਿਰ ਛੇਜੁਲਾਈ ਨੂੰ ਤਿੰਨ ਦਿਨ ਦੀ ਕੰਮ ਛੱਡੋ ਹੜਤਾਲ ਕੀਤੀ ਜਾਵੇਗੀ।