ਪੱਤਰ ਪ੍ਰੇਰਕ
ਪਿਹੋਵਾ, 29 ਸਤੰਬਰ
ਕਮਿਊਨਿਟੀ ਹੈਲਥ ਸੈਂਟਰ ਪਿਹੋਵਾ ਵੱਲੋਂ ਡੇਂਗੂ ਦੀ ਰੋਕਥਾਮ ਲਈ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਡੇਂਗੂ ਅਤੇ ਹੋਰ ਬੁਖਾਰ ਤੋਂ ਪੀੜਤ ਲੋਕਾਂ ਦੀ ਪਛਾਣ ਕੀਤੀ। ਡਾ. ਲਲਿਤ ਕਲਸਨ ਨੇ ਦੱਸਿਆ ਕਿ ਪਿਹੋਵਾ ਸ਼ਹਿਰ ਨੂੰ 7 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਵਿੱਚ ਤਿੰਨ ਟੀਮਾਂ ਹਨ। ਹਰ ਟੀਮ ਵਿੱਚ ਦਸ ਵਰਕਰ ਹਨ। ਡੇਂਗੂ ਅਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੀ ਪਛਾਣ ਕਰਨ ਲਈ ਕੁੱਲ 41 ਸਿਹਤ ਕਰਮਚਾਰੀ ਅਤੇ 170 ਆਸ਼ਾ ਵਰਕਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਛਾਣ ਮਗਰੋਂ ਡੇਂਗੂ ਮਰੀਜ਼ਾਂ ਦਾ ਕਮਿਊਨਿਟੀ ਹੈਲਥ ਸੈਂਟਰ ਵੱਲੋਂ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਟੀਮਾਂ ਨੇ ਕੁੱਲ 68 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਣ ’ਤੇ ਨੋਟਿਸ ਦਿੱਤੇ ਗਏ ਹਨ ਅਤੇ 142 ਮਰੀਜ਼ਾਂ ਦੀਆਂ ਬਲੱਡ ਸਲਾਈਡਾਂ ਤਿਆਰ ਕੀਤੀਆਂ ਗਈਆਂ ਹਨ।