ਪੀਪੀ ਵਰਮਾ
ਪੰਚਕੂਲਾ, 4 ਮਈ
ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਹਰਿਆਣਾ ਵਿੱਚ ਹੁਣ ਕਰੋਨਾ ਸਬੰਧੀ ਨਵੇਂ ਨਿਯਮ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਨਿਯਮ ਇਹ ਹੈ ਕਿ 50 ਤੋਂ ਵੱਧ ਬੈੱਡਾਂ ਵਾਲੇ ਹਸਪਤਾਲਾਂ ਨੂੰ ਆਕਸੀਜਨ ਪਲਾਂਟ ਲਗਾਉਣਾ ਜ਼ਰੂਰੀ ਹੋਵੇਗਾ। ਉਸ ਪਲਾਂਟ ਦੀ ਰੋਜ਼ਾਨਾ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਇਹ ਕੰਮ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਪਲਾਂਟ ਜਿੰਨੇ ਵੱਧ ਹੋਣਗੇ ਉਨੀ ਜਲਦੀ ਹੀ ਕਰੋਨਾ ਨਾਲ ਨਜਿੱਠਿਆ ਜਾ ਸਕਦਾ ਹੈ। ਹਸਪਤਾਲਾਂ ਨੂੰ ਆਕਸੀਜਨ ਪਲਾਂਟ ਲਗਾਉਣ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵਾਂ ਹਸਪਤਾਲ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰੀ ਇਜਾਜ਼ਤ ਤਾਂ ਹੀ ਮਿਲੇਗੀ ਜੇ ਉਸ ਹਸਪਤਾਲ ਵਿੱਚ ਸਭ ਤੋਂ ਪਹਿਲਾਂ ਆਕਸੀਜਨ ਪਲਾਂਟ ਤਿਆਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਰੋੜਾਂ ਰੁਪਏ ਦੇ ਪ੍ਰਾਈਵੇਟ ਹਸਪਤਾਲ ਬਣਾਉਣ ਵਾਲਿਆਂ ਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਆਕਸੀਜਨ ਪਲਾਂਟ ਹੈ ਕਿ ਨਹੀਂ । ਕਰੋਨਾ ਦਾ ਕਹਿਰ ਵੇਖਦੇ ਹੋਏ ਅਨਿਲ ਵਿੱਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੈਲਥ ਕੇਅਰ ਦੇ ਉਪਕਰਣ ਅਤੇ ਮੈਡੀਕਲ ਸਮੱਗਰੀ ਦਾ ਵੱਧ ਤੋਂ ਵੱਧ ਦਾਨ ਕਰਨ।