ਪੱਤਰ ਪ੍ਰੇਰਕ
ਯਮੁਨਾਨਗਰ, 2 ਜੂਨ
ਇੱਥੋ ਦੇ ਮਧੂ ਚੌਕ ਨੇੜੇ ਸ਼ਰਮਾ ਗਾਰਡਨ ਦੇ ਰਹਿਣ ਵਾਲੇ ਅਰਵਿੰਦਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਦੇ ਬਾਹਰ ਬਾਈਕ ਸਵਾਰ ਨੌਜਵਾਨਾਂ ਨੇ ਅੱਧੀ ਰਾਤ ਵੇਲੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਕਾਰਨ ਖੇਤਰ ਦੇ ਲੋਕ ਦਹਿਸ਼ਤ ਵਿੱਚ ਹਨ। ਦੱਸਿਆ ਜਾਂਦਾ ਹੈ ਕਿ ਇਸ ਵਾਰਦਾਤ ਨੂੰ ਰਿਸ਼ਭ ਅਤੇ ਗਗਨ ਭੁੱਲਰ ਨਾਂ ਦੇ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ ਜਿਸ ਦਾ ਕਾਰਨ ਮੁਲਜ਼ਮਾਂ ਦਾ ਅਰਵਿੰਦਰ ਸਿੰਘ ਦੇ ਬੇਟੇ ਦੇਵੇਂਦਰ ਉਰਫ ਮੰਨੀ ਨਾਲ ਸਕੂਲ ਦੀ ਇੱਕ ਵਿਦਿਆਰਥਣ ਨੂੰ ਲੈ ਕੇ ਹੋਇਆ ਝਗੜਾ ਦੱਸਿਆ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਅਰਵਿੰਦਰ ਸਿੰਘ ਡੀਜੇ ਦਾ ਕੰਮ ਕਰਦਾ ਹੈ ਅਤੇ ਉਸ ਦਾ ਵੱਡਾ ਪੁੱਤਰ ਦੇਵਿੰਦਰ (17) ਇੱਕ ਪ੍ਰਾਈਵੇਟ ਸਕੂਲ ਵਿੱਚ 12ਵੀਂ ਦਾ ਵਿਦਿਆਰਥੀ ਹੈ। ਬੀਤੀ ਰਾਤ ਨੂੰ ਦੇਵੇਂਦਰ ਦੇ ਮੋਬਾਈਲ ‘ਤੇ ਗਗਨ ਭੁੱਲਰ ਨਾਂ ਦੇ ਨੌਜਵਾਨ ਦਾ ਕਿਸੇ ਲੜਕੀ ਦੇ ਮਾਮਲੇ ਨੂੰ ਲੈ ਕੇ ਫੋਨ ਆਇਆ। ਉਸ ਨੇ ਧਮਕੀ ਦਿੱਤੀ ਕਿ ਉਹ ਉਸ ਦੇ ਘਰ ਆ ਕੇ ਉਸ ਨੂੰ ਗੋਲੀ ਮਾਰ ਦੇਵੇਗਾ। ਇਸ ਤੋਂ ਬਾਅਦ ਕਰੀਬ ਰਾਤ ਦੇ ਇੱਕ ਵਜੇ ਚਾਰ ਨੌਜਵਾਨ ਦੋ ਬਾਈਕਾਂ ’ਤੇ ਉਸ ਦੇ ਘਰ ਦੇ ਸਾਹਮਣੇ ਆਏ ਅਤੇ ਗਾਲਾਂ ਕੱਢਦੇ ਹੋਏ ਫਾਈਰਿੰਗ ਕਰਨ ਲਗ ਪਏ। ਜਦੋਂ ਅਰਵਿੰਦਰ ਅਤੇ ਉਸ ਦਾ ਪੁੱਤਰ ਦਰਵਾਜ਼ੇ ਕੋਲ ਆਏ ਤਾਂ ਮੁਲਜ਼ਮਾਂ ਨੇ ਕਈ ਰਾਊਂਡ ਫਾਈਰ ਕੀਤੇ। ਗੋਲੀਆਂ ਦੀ ਆਵਾਜ਼ ਸੁਣ ਕੇ ਗੁਆਂਢੀ ਵੀ ਇਕੱਠੇ ਹੋ ਗਏ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਗਗਨ ਭੁੱਲਰ ਅਤੇ ਰਿਸ਼ਭ ਇਕੋ ਸਕੂਲ ‘ਚ ਪੜ੍ਹਦੇ ਹਨ। ਡੀਐਸਪੀ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ, ਨਾਮਜ਼ਦ ਮੁਲਜ਼ਮ ਫਰਾਰ ਹਨ, ਮਾਮਲੇ ਦੀ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।