ਪੱਤਰ ਪ੍ਰੇਰਕ
ਪੰਚਕੂਲਾ, 19 ਅਕਤੂਬਰ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਸੂਬਾ ਵਾਸੀਆਂ ਨੂੰ ਸੁਚੇਤ ਕਰਦੇ ਹੋਏ ਅਪੀਲ ਕੀਤੀ ਹੈ ਕਿ ਸੂਬੇ ਦੇ ਹੋਮ ਗਾਰਡਸ ਵਿਭਾਗ ਵੱਲੋਂ ਸਵੈ ਸੇਵਕਾਂ ਦਾ ਰਜਿਸਟ੍ਰੇਸ਼ਨ ਨਹੀਂ ਕੀਤਾ ਜਾ ਰਿਹਾ ਹੈ, ਇਸ ਲਈ ਸ਼ਰਾਰਤੀ ਤੱਤਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਵਿਅਕਤੀ ਜਾਂ ਅਸਮਾਜਿਕ ਤੱਤ ਦੇ ਝਾਂਸੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਸਵੈ ਸੇਵਕਾਂ ਦਾ ਰਜਿਸਟ੍ਰੇਸ਼ਨ ਮੁਫ਼ਤ ਹੁੰਦਾ ਹੈ ਅਤੇ ਜ਼ਿਲ੍ਹਿਆਂ ਵਿਚ ਇਹ ਰਜਿਸਟ੍ਰੇਸ਼ਨ ਨਹੀਂ ਕੀਤਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਇਹ ਵੀ ਦੇਖਣ ਵਿਚ ਆਇਆ ਹੈ ਕਿ ਵਟਸਐਪ ਰਾਹੀਂ ਅਤੇ ਗੂਗਲ ’ਤੇ ਵੀ ਭਰਤੀ ਦੇ ਇਸ਼ਤਿਹਾਰ ਸ਼ਰਾਰਤੀ ਤੱਤਾਂ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਲਈ ਸਾਰੇ ਸੁਚੇਤ ਰਹਿਣ ਕਿਉਂਕਿ ਇਹ ਸਭ ਫਰਜ਼ੀ ਹੈ।
ਵਿੱਜ ਵੱਲੋਂ ਯੁਵਕ ਮੇਲੇ ਦਾ ਉਦਘਾਟਨ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਭੰਗੜੇ ਅਤੇ ਗਿੱਧੇ ਪੈਂਦੇ ਰਹਿਣ, ਉਹ ਅਜਿਹਾ ਹੱਸਦਾ-ਖੇਡਦਾ ਹਰਿਆਣਾ ਦੇਖਣਾ ਚਾਹੁੰਦੇ ਹਨ। ਸ੍ਰੀ ਵਿੱਜ ਬੁੱਧਵਾਰ ਨੂੰ ਅੰਬਾਲਾ ਛਾਉਣੀ ਦੇ ਆਰੀਆ ਗਰਲਜ਼ ਕਾਲਜ ਵਿਚ ਆਯੋਜਿਤ 45ਵੇਂ ਖੇਤਰੀ ਯੁਵਕ ਮੇਲੇ ਦੇ ਉਦਘਾਟਨ ਮੌਕੇ ਵਿਦਿਆਰਥੀਆਂ ਅਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਸਭ ਚੁਣੌਤੀਆਂ ਸਵੀਕਾਰ ਕਰਨ ਦਾ ਦਮ ਹੁੰਦਾ ਹੈ। ਉਹ ਚੰਗੇ ਡਾਕਟਰ, ਇੰਜਨੀਅਰ, ਆਈਏਐੱਸ, ਆਈਪੀਐੱਸ ਅਤੇ ਚੰਗੇ ਰਾਜ ਨੇਤਾ ਬਣਨਗੇ, ਜਿਨ੍ਹਾਂ ਦੀ ਦੇਸ਼ ਵਿਚ ਬਹੁਤ ਘਾਟ ਹੈ।