ਸਿਰਸਾ (ਪ੍ਰਭੂ ਦਿਆਲ): ਟੋਕੀਓ ਓਲੰਪਿਕ ਖੇਡਾਂ ਦੇ ਹਾਕੀ ਸੈਮੀਫਾਈਨਲ ਮੁਕਾਬਲੇ ’ਚ ਭਾਰਤੀ ਮਹਿਲਾ ਟੀਮ ਦੀ ਹਾਰ ਮਗਰੋਂ ਗੋਲਕੀਪਰ ਸਵਿਤਾ ਪੂਨੀਆ ਦਾ ਪਰਿਵਾਰ ਭਾਵੇਂ ਥੋੜਾ ਨਿਰਾਸ਼ ਹੈ ਪਰ ਉਨ੍ਹਾਂ ਨੂੰ ਕਾਂਸੀ ਦੇ ਤਗਮੇ ਦੀ ਉਮੀਦ ਹੈ। ਮੈਚ ਹਾਰਨ ਮਗਰੋਂ ਸਵਿਤਾ ਦੀ ਮਾਤਾ ਕਾਫੀ ਭਾਵੁਕ ਨਜ਼ਰ ਆਈ। ਸਿਰਸਾ ਦੇ ਜੋਧਕਾਂ ਪਿੰਡ ਦੀ ਇਕ ਢਾਣੀ ਵਿੱਚ ਰਹਿੰਦੀ ਸਵਿਤਾ ਦੇ ਪਿਤਾ ਮਹਿੰਦਰ ਪੂਨੀਆ ਨੇ ਟੀਮ ਦੇ ਹਾਰਨ ਮਗਰੋਂ ਦੱਸਿਆ ਕਿ ਕੁੜੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਹਾਰ-ਜਿੱਤ ਤਾਂ ਖੇਡ ਦਾ ਹਿੱਸਾ ਹੈ। ਭਾਰਤੀ ਟੀਮ ਨੇ ਮਿਹਨਤ ਸਦਕਾ ਹੀ ਇਤਿਹਾਸ ਸਿਰਜਦਿਆਂ ਸੈਮੀਫਾਈਨਲ ਤੱਕ ਪਹੁੰਚੀ ਹੈ। ਟੀਮ ਭਾਵੇਂ ਇਹ ਮੈਚ ਹਾਰ ਗਈ ਹੈ ਪਰ ਹਾਲੇ ਤੱਕ ਕਾਂਸੀ ਦਾ ਤਗਮਾ ਜਿੱਤਣ ਦੀ ਉਮੀਦ ਬਾਕੀ ਹੈ। ਸਵਿਤਾ ਦੀ ਮਾਤਾ ਲੀਲਾਵਤੀ ਨੇ ਕਿਹਾ ਕਿ ਭਾਵੇਂ ਉਹ ਬਿਮਾਰ ਹਨ ਪਰ ਉਨ੍ਹਾਂ ਕਦੇ ਵੀ ਇਸ ਪੀੜ ਬਾਰੇ ਸਵਿਤਾ ਨੂੰ ਪਤਾ ਨਹੀਂ ਲੱਗਣ ਦਿੱਤਾ। ਸਵਿਤਾ ਦੇ ਪੂਰੇ ਪਰਿਵਾਰ ਨੇ ਰਲ ਕੇ ਮੈਚ ਵੇਖਿਆ ਅਤੇ ਅਰਦਾਸ ਵੀ ਕੀਤੀ।