ਪੱਤਰ ਪ੍ਰੇਰਕ
ਰਤੀਆ, 15 ਅਕਤੂਬਰ
ਸ਼ਹਿਰ ਦੀ ਟਿੱਬਾ ਕਲੋਨੀ ਦੀਆਂ ਕਈਆਂ ਗਲੀਆਂ ਵਿਚ ਸੀਵਰੇਜ ਦੇ ਮੈਨਹੋਲ ਗਲੀ ਦੇ ਲੇਬਲ ਤੋਂ ਉੱਚੇ ਹੋਣ ਕਾਰਨ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਮੈਨਹੋਲ ਉੱਚੇ ਹੋਣ ਕਾਰਨ ਗਲੀ ਤੋਂ ਪੂਰੀ ਤਰ੍ਹਾਂ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਵੀ ਨਹੀਂ ਹੋ ਰਹੀ। ਗਲੀ ਵਾਸੀ ਰਾਮਕਿਸ਼ਨ, ਬਲਦੇਵ, ਸਾਹਿਲ, ਸੁਭਾਸ਼, ਗੌਤਮ, ਪ੍ਰੇਮ ਕੁਮਾਰ, ਵਿਮਲ, ਦੇਸਰਾਜ ਨੇ ਦੱਸਿਆ ਕਿ ਟਿੱਬਾ ਕਲੋਨੀ ਵਿਚ ਕਈ ਗਲੀਆਂ ਵਿਚ ਸੀਵਰੇਜ ਦੇ ਮੈਨਹੋਲ ਗਲੀ ਦੇ ਲੇਬਲ ਤੋਂ ਕਾਫ਼ੀ ਉਚੇ ਹਨ। ਉੱਚੇ ਮੇਨ ਹੋਲ ਹੋਣ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਅਕਸਰ ਠੋਕਰ ਲੱਗਦੀ ਰਹਿੰਦੀ ਹੈ। ਇਸ ਨਾਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਪਾਉਣ ਦੌਰਾਨ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਕਾਰਨ ਅਨੇਕਾਂ ਗਲੀਆਂ ਵਿਚ ਸੀਵਰੇਜ ਦੇ ਮੈਨਹੋਲਾਂ ਦੇ ਉੱਚੇ ਹੋਣ ਕਾਰਨ ਕਈ ਵਾਹਨ ਚਾਲਕ ਜ਼ਖ਼ਮੀ ਹੋ ਚੁੱਕੇ ਹਨ। ਇਸ ਨਾਲ ਬਰਸਾਤੀ ਪਾਣੀ ਮੈਨਹੋਲ ਵਿਚ ਜਾਣ ਦੀ ਬਜਾਏ ਗਲੀਆਂ ਵਿਚ ਹੀ ਖੜ੍ਹਾ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਇਨ੍ਹਾਂ ਮੈਨਹੋਲਾਂ ਨੂੰ ਗਲੀ ਦੇ ਲੈਵਲ ਅਨੁਸਾਰ ਬਣਾਉਣ ਦੀ ਮੰਗ ਕੀਤੀ ਹੈ।