ਕੇ.ਕੇ. ਬਾਂਸਲ
ਰਤੀਆ, 23 ਜੁਲਾਈ
ਪਿੰਡ ਬ੍ਰਾਹਮਣਵਾਲਾ ਦੀ ਰਾਇਸਿੱਖ ਬਸਤੀ ਵਾਰਡ ਨੰਬਰ 9 ਦੇ ਕਈ ਘਰਾਂ ਅਤੇ ਗਲੀਆਂ ਵਿੱਚ ਬਰਸਾਤੀ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਖਚੈਨ ਸਿੰਘ, ਜਸਵੀਰ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਚਰਨ ਸਿੰਘ, ਸੁਖਦੇਵ ਸਿੰਘ, ਕਾਲਾ ਸਿੰਘ ਅਤੇ ਰਾਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਦੇ ਕਈ ਘਰਾਂ ਅਤੇ ਗਲੀਆਂ ਵਿੱਚ ਮੀਂਹ ਦਾ ਪਾਣੀ ਵੜ ਗਿਆ। ਘਰਾਂ ਵਿੱਚੋਂ ਬਾਹਰ ਜਾਣ ਲਈ ਉਨ੍ਹਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਘਰਾਂ ਵਿੱਚ ਆਉਣ-ਜਾਣ ਲਈ ਕੋਈ ਰਸਤਾ ਨਹੀਂ ਬਚਿਆ। ਜਗ੍ਹਾ-ਜਗ੍ਹਾ ਪਾਣੀ ਖੜ੍ਹਾ ਹੋਣ ਕਾਰਨ ਉਨ੍ਹਾਂ ਦੇ ਪਸ਼ੂਆਂ ਨੂੰ ਬੰਨਣ ਲਈ ਜਗ੍ਹਾ ਨਹੀਂ ਬਚੀ। ਲੋਕਾਂ ਨੇ ਦੱਸਿਆ ਕਿ ਜਦੋਂ ਵੀ ਮਾਮੂਲੀ ਬਾਰਿਸ਼ ਹੁੰਦੀ ਹੈ ਤਾਂ ਪਿੰਡ ਦੇ ਹੋਰ ਇਲਾਕਿਆਂ ਦਾ ਪਾਣੀ ਵੀ ਉਨ੍ਹਾਂ ਦੀ ਬਸਤੀ ਵਿੱਚ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਕਈ ਕਈ ਦਿਨਾਂ ਤੱਕ ਉਨ੍ਹਾਂ ਦੀ ਬਸਤੀ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਪਾਣੀ ਨਿਕਾਸੀ ਦੀ ਉਚਿਤ ਵਿਵਸਥਾ ਕਰਨ ਦੀ ਮੰਗ ਕੀਤੀ ਹੈ।
ਘੱਗਰ ਵਿੱਚ ਪਾਣੀ ਦਾ ਪੱਧਰ ਵਧਿਆ
ਰਤੀਆ: ਹਰਿਆਣਾ ਅਤੇ ਪੰਜਾਬ ਵਿੱਚ ਕੁੱਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਇਲਾਕੇ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਦੋ ਹਫ਼ਤੇ ਪਹਿਲਾਂ ਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ ਪਰ ਪਿਛਲੇ ਦਿਨੀਂ ਪਾਣੀ ਘੱਟ ਹੋਇਆ ਸੀ। ਹੁਣ ਫਿਰ ਮੀਂਹ ਸ਼ੁਰੂ ਹੋਣ ਕਾਰਨ ਪਾਣੀ ਵਧਣਾ ਸ਼ੁਰੂ ਹੋਇਆ ਹੈ, ਹਾਲਾਂਕਿ ਅਜੇ ਹੜ੍ਹ ਦਾ ਕੋਈ ਖਤਰਾ ਨਹੀਂ ਹੈ। ਰਵਿੰਦਰ ਕੁਮਾਰ, ਗੋਪਾਲ ਚੰਦ, ਲਛਮਣ ਦਾਸ ਅਤੇ ਬਲਦੇਵ ਨੇ ਦੱਸਿਆ ਕਿ ਦਰਿਆ ਦਾ ਪਾਣੀ ਤਦ ਹੀ ਨੁਕਸਾਨ ਪਹੁੰਚਾਉਂਦਾ ਹੈ, ਜਦੋਂ ਉਹ ਹੜ੍ਹ ਦਾ ਰੂਪ ਧਾਰਨ ਕਰ ਲੈਂਦਾ ਹੈ। ਜੇਕਰ ਦਰਿਆ ਅੱਧਾ ਵਹਿੰਦਾ ਰਹੇ ਤਾਂ ਇਸ ਦਾ ਕਿਸਾਨਾਂ ਨੂੰ ਫਾਇਦਾ ਹੈ।