ਪੱਤਰ ਪ੍ਰੇਰਕ
ਯਮੁਨਾਨਗਰ, 25 ਅਗਸਤ
ਦੇਸ਼ ਦੇ 5 ਰਾਜਾਂ ਵਿੱਚ ਪਾਣੀ ਦੀ ਸਪਲਾਈ ਕਰਨ ਵਾਲਾ ਹਥਨੀ ਕੁੰਡ ਬੈਰਾਜ ਦੇ ਅਪਰੇਟਿੰਗ ਸਿਸਟਮ ਨੂੰ ਹਾਈਟੈੱਕ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਹੁਣ ਕੋਈ ਵੀ ਕਿਤੇ ਵੀ ਬੈਠ ਕੇ ਇਸ ਸਿਸਟਮ ਦੀ ਨਿਗਰਾਨੀ ਕਰ ਸਕਦਾ ਹੈ। ਹਥਨੀ ਕੁੰਡ ਬੈਰਾਜ ਦੇ 18 ਗੇਟ ਹਨ, ਜਿਨ੍ਹਾਂ ਨੂੰ ਖੋਲ੍ਹਣ ਲਈ ਪਹਿਲਾਂ ਕਈ ਕਰਮਚਾਰੀਆਂ ਦੀ ਡਿਊਟੀ ਲੱਗਦੀ ਸੀ। ਮੀਂਹ ਦੌਰਾਨ ਹੜ੍ਹਾਂ ਦੇ ਦਿਨਾਂ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਸ ਸਿਸਟਮ ਨਾਲ ਸਾਰੇ ਗੇਟਾਂ ਨੂੰ ਇੱਕਠਿਆਂ ਖੋਲ੍ਹਿਆ ਜਾ ਸਕਦਾ ਹੈ ਅਤੇ ਕਿਹੜੇ ਗੇਟ ਵਿੱਚ ਕਿੰਨਾ ਪਾਣੀ ਜਾ ਰਿਹਾ ਹੈ। ਇਸ ਦਾ ਵੀ ਡਾਟਾ ਸਾਂਭ ਕੇ ਰੱਖਿਆ ਜਾ ਸਕਦਾ ਹੈ। ਅੱਜ ਡਿਪਟੀ ਕਮਿਸ਼ਨਰ ਗਿਰੀਸ਼ ਅਰੋੜਾ ਵੱਲੋਂ ਇਸ ਸਿਸਟਮ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੈਰਾਜ ਤੋਂ ਹਰਿਆਣਾ, ਹਿਮਾਚਲ, ਯੂਪੀ, ਦਿੱਲੀ ਅਤੇ ਰਾਜਸਥਾਨ ਨੂੰ ਪਾਣੀ ਦੀ ਸਪਲਾਈ ਹੁੰਦੀ ਹੈ।