ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੂਨ
ਜੰਮੂ-ਕਸ਼ਮੀਰ ਵਿੱਚ ਕਸ਼ਮੀਰੀ ਪੰਡਿਤਾਂ ’ਤੇ ਹੋ ਰਹੇ ਜਬਰ ਖ਼ਿਲਾਫ਼ ਹਰਿਆਣਾ ਦੇ ਨੌਜਵਾਨਾਂ ਨੇ ਨਿੱਤਰਨ ਦਾ ਐਲਾਨ ਕੀਤਾ ਹੈ। ਇਸ ਤਹਿਤ 26 ਜੂਨ ਨੂੰ ਹਰਿਆਣਾ ਦੇ ਨੌਜਵਾਨ ਹੱਥ ਵਿੱਚ ‘ਪਰਸਾ’ ਲੈ ਕੇ ਦਿੱਲੀ ਸਥਿਤ ਜੰਤਰ-ਮੰਤਰ ਵੱਲ ਕੂਚ ਕਰਨਗੇ। ਜੰਤਰ-ਮੰਤਰ ’ਤੇ ਹਰਿਆਣਾ ਦੇ ਨੌਜਵਾਨ ਕਸ਼ਮੀਰੀ ਪੰਡਿਤਾਂ ਦੀ ਹਮਾਇਤ ਵਿੱਚ ਰੋਸ ਪ੍ਰਦਰਸ਼ਨ ਕਰਗੇ। ਇਸ ਗੱਲ ਦਾ ਪ੍ਰਗਟਾਵਾ ਹਰਿਆਣਾ ਦੇ ਪ੍ਰਸਿੱਧ ਸਮਾਜਸੇਵੀ ਨਵੀਨ ਜੈ ਹਿੰਦ ਨੇ ਅੱਜ ਇੱਥੇ ਕੀਤਾ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤਾਂ ’ਤੇ ਲਗਾਤਾਰ ਹੋ ਰਹੇ ਅਤਿਆਚਾਰ ਕਾਰਨ ਉਨ੍ਹਾਂ ਨੂੰ ਆਪਣੇ ਘਰ ਛੱਡਣੇ ਪੈ ਰਹੇ ਹਨ। ਨਵੀਨ ਜੈ ਹਿੰਦ ਨੇ ਕਿਹਾ ਕਿ 26 ਜੂਨ ਨੂੰ ਉਹ ਸੂਬੇ ਦੇ ਨੌਜਵਾਨਾਂ ਦਾ ਵੱਡਾ ਕਾਫ਼ਲਾ ਲੈ ਕੇ ਦਿੱਲੀ ਵੱਲ ਕੂਚ ਕਰਨਗੇ ਤੇ ਜੰਤਰ-ਮੰਤਰ ’ਤੇ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਜਾਵੇਗਾ।