ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 13 ਦਸੰਬਰ
ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਗੱਠਜੋੜ ਅੱਗੇ ਸਰਕਾਰੀ ਬੰਦਿਸ਼ਾਂ ਖਿੱਦੋ ਦੀ ਲੀਰ ਵਾਂਗ ਉੱਧੜ ਰਹੀਆਂ ਹਨ। ਹਰਿਆਣਾ ਦੀ ਭਾਜਪਾ ਸਰਕਾਰ ਦੀ ਸਖ਼ਤੀ ਅੱਜ ਮੁੜ ਕਿਸਾਨਾਂ ਦੇ ਹਿੰਮਤੀ ਸੁਭਾਅ ਅੱਗੇ ਢਿੱਲੀ ਪੈ ਗਈ। ਹਰਿਆਣਵੀ ਕਿਸਾਨਾਂ ਨੇ ਜਥੇਬੰਦਕ ਬਲ ਵਿਖਾਉਂਦਿਆਂ ਬਠਿੰਡਾ ਅਤੇ ਮਲੋਟ ਸਰਹੱਦ ’ਤੇ ਸਰਕਾਰ ਵੱਲੋਂ ਰਖਵਾਏ ਜਾ ਰਹੇ ਪੱਥਰ ਅਤੇ ਪਾਈਪਾਂ ਪੁਲੀਸ ਦੀ ਕਰੇਨ ਨਾਲ ਹੀ ਹਟਵਾ ਦਿੱਤੀਆਂ। ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਰਾਹ ਰੋਕਣ ਲਈ ਸੂਬਾ ਸਰਕਾਰ ਦੀ ਕੋਸ਼ਿਸ਼ ਧਰੀ-ਧਰਾਈ ਰਹਿ ਗਈ। ਬੀਤੇ ਦਿਨ ਤੋਂ ਹਰਿਆਣਾ ਸਰਕਾਰ ਕਾਨੂੰਨ ਵਿਵਸਥਾ ਦੀ ਓਟ ’ਚ ਹੱਦ ’ਤੇ ਸਖ਼ਤੀ ਵਿਖਾ ਰਹੀ ਹੈ। ਇਸੇ ਤਹਿਤ ਪੁਲੀਸ ਨੇ ਦੇਰ ਰਾਤ ਵੀ ਨਾਕੇ ਲਾ ਕੇ ਅੰਤਰਰਾਜੀ ਰਾਹ ਲਗਪਗ ਬੰਦ ਕਰ ਦਿੱਤਾ ਸੀ, ਜਿਸ ਕਰਕੇ ਮੁੱਖ ਵਪਾਰਕ ਲਾਂਘੇ ਬਠਿੰਡਾ ਰੋਡ ’ਤੇ ਵਾਹਨਾਂ ਦਾ ਜਾਮ ਲੱਗ ਗਿਆ ਸੀ। ਅੱਜ ਸ਼ਾਮ ਨੂੰ ਮੁੜ ਹਰਿਆਣਾ ਦੀ ਪੁਲੀਸ ਨੇ ਡੱਬਵਾਲੀ ਵਿੱਚ ਦੋਵੇਂ ਸੜਕਾਂ ’ਤੇ ਪੱਥਰ ਰਖਵਾ ਦਿੱਤੇ। ਇਸ ਬਾਰੇ ਸੂਚਨਾ ਮਿਲਣ ’ਤੇ ਹਰਿਆਣਾ ਕਿਸਾਨ ਏਕਤਾ ਕਮੇਟੀ ਦੇ ਕਾਰਕੁਨ ਤੁਰੰਤ ਉੱਥੇ ਪੁੱਜ ਗਏ। ਐੱਸ.ਪੀ ਸਿੰਘ ਮਸੀਤਾਂ ਅਤੇ ਗੁਰਪ੍ਰੇਮ ਸਿੰਘ ਦੇਸੂਜੋਧਾ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਉੱਥੇ ਕਰੇਨ ਚਾਲਕ ਨੂੰ ਇਹ ਦੱਸਿਆ ਗਿਆ ਕਿ ਪੁਲੀਸ ਵੱਲੋਂ ਇਹ ਰੋਕਾਂ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਲਾਈਆਂ ਜਾ ਰਹੀਆਂ ਹਨ ਤਾਂ ਉਹ ਸੜਕ ’ਤੇ ਪੱਥਰ ਰੱਖਣ ਤੋਂ ਰੁਕ ਗਿਆ। ਜਦੋਂ ਕਰੇਨ ਦੇ ਮਾਲਕ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਖ਼ੁਦ ਕਿਸਾਨ ਹੋਣ ਦੇ ਨਾਤੇ ਕਰੇਨ ਚਾਲਕ ਨੂੰ ਆਖ ਕੇ ਸਾਰੇ ਪੱਥਰ ਅਤੇ ਪਾਈਪਾਂ ਸੜਕ ਤੋਂ ਹਟਵਾ ਦਿੱਤੀਆਂ।
‘ਪੰਜਾਬੀ ਕਿਸਾਨਾਂ ਦੇ ਰਾਹ ਦਾ ਹਰ ਅੜਿੱਕਾ ਹਟਾਇਆ ਜਾਵੇਗਾ’
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਹੈਂਕੜਬਾਜ਼ੀ ਨਾਲ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਰਾਹ ’ਚ ਅੜਿੱਕਾ ਬਣਨ ਵਾਲੀ ਹਰ ਸਰਕਾਰੀ ਰੋਕ ਨੂੰ ਹਟਾਇਆ ਜਾਵੇਗਾ।