ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 28 ਅਕਤੂਬਰ
ਖੇਤੀ ਕਾਨੂੰਨ ਦੇ ਵਿਰੋਧ ਵਿਚ ਅੱਜ ਖੁਈਆਂ ਮਲਕਾਣਾ ਟੌਲ ਪਲਾਜ਼ਾ ਨੂੰ ਪਰਚੀ ਮੁਕਤ ਕਰਨ ਪੁੱਜੇ ਸੈਂਕੜੇ ਕਿਸਾਨਾਂ ਨੂੰ ਭਾਰੀ ਗਿਣਤੀ ਪੁਲੀਸ ਬਲ ਨਾਲ ਪ੍ਰਸ਼ਾਸਨ ਨੇ ਟੌਲ ਤੋਂ ਕਰੀਬ ਤਿੰਨ ਸੌ ਮੀਟਰ ਪਹਿਲਾਂ ਰੋਕ ਲਿਆ, ਜਿਸ ਮਗਰੋਂ ਕਿਸਾਨਾਂ ਨੇ ਟੌਲ ਪਲਾਜ਼ਾ ਤੋਂ ਥੋੜੀ ਦੂਰ ਕੌਮੀ ਸ਼ਾਹ ਰਾਹ-9 ਡੱਬਵਾਲੀ-ਸਿਰਸਾ ਰੋਡ ਉੱਪਰ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ। ਪੁਲੀਸ ਨੇ ਅਦਾਲਤ ਦੇ ਹੁਕਮਾਂ ਤਹਿਤ ਕਿਸਾਨਾਂ ਨੂੰ ਟੌਲ ਪਲਾਜ਼ਾ ਤੋਂ ਪੰਜ ਸੌ ਮੀਟਰ ਦੂਰ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਨਾਲ ਧਰਨਾ ਦੇਣ ਲਈ ਆਖਿਆ।
ਪ੍ਰਸ਼ਾਸਨ ਵੱਲੋਂ ਟੌਲ ਪਲਾਜ਼ਾ ਦੀ ਸੁਰੱਖਿਆ ਲਈ ਹਰਿਆਣਾ ਪੁਲੀਸ ਦੀਆਂ ਪੰਜ ਟੁਕੜੀਆਂ ਅਤੇ ਚਾਰ ਡੀਐੱਸਪੀ ਤਾਇਨਾਤ ਹਨ। ਕੱਲ੍ਹ ਐੱਨਐੱਚਆਈਏ ਦੇ ਪ੍ਰੋਜੈਕਟ ਡਾਇਰੈਕਟਰ ਗੌਤਮ ਵਿਸ਼ਾਲ ਦੀ ਰਿੱਟ ‘ਤੇ ਸੁਣਵਾਈ ਕਰਦੇ ਸਥਾਨਕ ਅਦਾਲਤ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਤਹਿਤ ਆਖਿਆ ਕਿ ਜੇ ਕਿਸਾਨਾਂ ਨੇ ਧਰਨਾ ਦੇਣਾ ਹੈ ਤਾਂ ਉਹ ਡਿਪਟੀ ਕਮਿਸ਼ਨਰ ਤੋਂ ਮਨਜ਼ੂਰੀ ਲੈ ਕੇ ਕਰਨ। ਅਦਾਲਤ ਅਨੁਸਾਰ ਡਿਪਟੀ ਕਮਿਸ਼ਨਰ ਵੀ ਟੌਲ ਪਲਾਜ਼ਾ ਤੋਂ ਪੰਜ ਸੌ ਮੀਟਰ ਦੂਰ ਧਰਨੇ ਦੀ ਮਨਜ਼ੂਰੀ ਦੇ ਸਕਦੇ ਹਨ। ਪ੍ਰਸ਼ਾਸਨ ਵੱਲੋਂ ਡੀਐਸਪੀ ਕੁਲਦੀਪ ਸਿੰਘ ਨੇ ਮੁਜਾਹਰਕਾਰੀ ਕਿਸਾਨਾਂ ਲੀਡਰਸ਼ਿਪ ਨੂੰ ਅਦਾਲਤੀ ਹੁਕਮਾਂ ਦੀ ਕਾਪੀ ਵਿਖਾਉਂਦੇ ਟੌਲ ਪਲਾਜ਼ਾ ਨਾ ਰੋਕਣ ਅਤੇ ਪੰਜ ਸੌ ਮੀਟਰ ਤੱਕ ਧਰਨਾ ਲਗਾਉਣ ਨਾ ਸਕਣ ਦੇ ਨਿਰਦੇਸ਼ ਦਿੱਤੇ। ਕਿਸਾਨ ਆਗੂਆਂ ਗੁਰਪ੍ਰੇਮ ਸਿੰਘ ਦੇਸੁਜੋਧਾ, ਐਸ ਪੀ ਸਿੰਘ ਮਸੀਤਾਂ ਅਤੇ ਹੋਰਨਾਂ ਆਗੂਆਂ ਨੇ ਪ੍ਰਸ਼ਾਸਨ ਨੂੰ ਆਖਿਆ ਕਿ ਉਹ ਸੜਕ ਬੰਦ ਕਰਨ ਨਹੀਂ, ਸਗੋਂ ਟੌਲ ਪਲਾਜ਼ਾ ਤੋਂ ਲਾਂਘਾ ਪਰਚੀ ਮੁਕਤ ਕਰਵਾਉਣ ਪੁੱਜੇ ਹਨ। ਪ੍ਰਸ਼ਾਸਨ ਵੱਲੋਂ ਅਗਾਂਹ ਨਾ ਵਧਣ ਦੇਣ ‘ਤੇ ਕਿਸਾਨ ਸੜਕ ਉੱਪਰ ਪੱਕਾ ਮੋਰਚਾ ਲਗਾਉਣ ਨੂੰ ਮਜਬੂਰ ਹਨ।