ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਸਤੰਬਰ
ਸ਼ਹਿਰ ਦੇ ਵੱਖ ਵੱਖ ਸਕੂਲਾਂ ਤੇ ਕਾਲਜਾਂ ਵਿਚ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਤੇ ਚੰਨਣ ਸਿੰਘ ਮੈਮੋਰੀਅਲ ਕਾਲਜ ਆਫ ਐਜੁੂਕੇਸ਼ਨ ਵਿਚ ਸਮਾਗਮ ਹੋਏ। ਇਸ ਦੌਰਾਨ ਸਤਲੁਜ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦੀਪ ਜਗਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਬਿਨਾਂ ਗੁਰੂ ਦੇ ਗਿਆਨ ਪ੍ਰਾਪਤ ਕਰਨਾ ਤੇ ਅੱਗੇ ਵਧਣਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਇਕ ਚੰਗੇ ਸਮਾਜ ਨੂੰ ਸਿਰਜਣ ਵਿਚ ਸਭ ਤੋਂ ਅਹਿਮ ਯੋਗਦਾਨ ਅਧਿਆਪਕ ਵਰਗ ਦਾ ਹੁੰਦਾ ਹੈ। ਇਸ ਤੋਂ ਇਲਾਵਾ ਰੁਕਮਣੀ ਸਕੂਲ, ਆਰੀਆ ਸਕੁਲ, ਐੱਮ ਐੱਨ ਕਾਲਜ, ਆਰੀਆ ਕੰਨਿਆ ਕਾਲਜ, ਬਚਪਨ ਸਕੂਲ, ਜਨਤਾ ਸੀਨੀਅਰ ਸੈਕੰਡਰੀ ਸਕੂਲ ਆਦਿ ਵਿਚ ਵੀ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲਾਂ ਵਿਚ ਸੰਸਕ੍ਰਿਤਕ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਗਿਆ।
ਪਿਹੋਵਾ (ਪੱਤਰ ਪ੍ਰੇਰਕ): ਡੀਏਵੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਅਧਿਆਪਕ ਦਿਵਸ ਮੌਕੇ ਇਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਨੇ ਮਹਾਨ ਸਿੱਖਿਆ ਸ਼ਾਸਤਰੀ ਸਾਬਕਾ ਰਾਸ਼ਟਰਪਤੀ ਡਾ. ਸਰਵਪਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲੇਖ ਰਚਨਾ ਅਤੇ ਕਵਿਤਾ ਪਾਠ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਅਧਿਆਪਕ ਦੀ ਮਹੱਤਤਾ ਉਹੀ ਜਾਣ ਸਕਦਾ ਹੈ ਜੋ ਅੰਗੂਠੇ ਅਤੇ ਦਸਤਖਤ ਦੇ ਫਰਕ ਨੂੰ ਸਮਝਦਾ ਹੋਵੇ। ਅਧਿਆਪਕ ਉਹ ਕੜੀ ਹੈ ਜੋ ਸਮਾਜ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਪ੍ਰਿੰਸੀਪਲ ਡਾ. ਕਾਮਦੇਵ ਝਾਅ ਨੇ ਕਿਹਾ ਕਿ ਵਿਦਿਆਰਥੀ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਸਿਰਫ਼ ਇੱਕ ਅਧਿਆਪਕ ਹੀ ਰੂਪ ਦੇ ਸਕਦਾ ਹੈ। ਇਸ ਮੌਕੇ ਕਾਲਜ ਦਾ ਅਧਿਆਪਨ ਸਟਾਫ਼ ਅਤੇ ਪੰਜਾਬੀ ਦੀਆਂ ਸਾਰੀਆਂ ਜਮਾਤਾਂ ਦੇ ਵਿਦਿਆਰਥੀ ਹਾਜ਼ਰ ਸਨ।
ਟੋਹਾਣਾ (ਪੱਤਰ ਪ੍ਰੇਰਕ): ਅਧਿਆਪਕ ਦਿਵਸ ਮੌਕੇ ਗੁਰਦੁਆਰਾ ਸਿੰਘ ਸਭਾ ਵੱਲੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੁੂਲ ਐਹਰਵਾਂ ਵਿੱਚ ਅਧਿਆਪਕਾਂ ਦੇ ਸਨਮਾਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਗੁਰਦੁਆਰਾ ਸਿੰਘ ਸਭਾ ਦੇ ਮੈਂਬਰਾਂ ਨੇ ਅਧਿਆਪਕਾਂ ਦਾ ਸਿਰੋਪੇ ਭੇਟ ਕਰਕੇ ਸਨਮਾਨ ਕੀਤਾ। ਸਮਾਗਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਧੇਰੂਲਾਲ ਭਾਦੁੂ ਨੇ ਕੀਤੀ। ਇਸ ਮੌਕੇ ਸਿੰਘ ਸਭਾ ਦੇ ਪ੍ਰਧਾਨ ਹਰਵਿੰਦਰ ਸਿੰਘ ਤੇ ਸਰਪੰਚ ਪ੍ਰਤੀਨਿਧੀ ਗੁਰਜਿੰਦਰ ਸਿੰੰਘ ਤੋਂ ਇਲਾਵਾ ਸਾਬਕਾ ਸਰਪੰਚ ਇਕਬਾਲ ਸਿੰਘ, ਬਲਕਾਰ ਸਿੰਘ ਤੇ ਪਿੰਡ ਵਾਸੀ ਸ਼ਾਮਲ ਸਨ।