ਪ੍ਰਭੂ ਦਿਆਲ
ਸਿਰਸਾ, 24 ਨਵੰਬਰ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਾਂਝੇ ਕਿਸਾਨ ਮੋਰਚਾ ਦੇ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਪ੍ਰੋਗਰਾਮ ਦੀਆਂ ਕਿਸਾਨਾਂ ਵੱਲੋਂ ਜਿਥੇ ਜੰਗੀ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਪੁਲੀਸ ਵੱਲੋਂ ਕਿਸਾਨ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨਾਂ ਸ਼ੁਰੂ ਕਰ ਦਿੱਤਾ ਹੈ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪੱਕੇ ਮੋਰਚੇ ਤਹਿਤ ਦਿੱਤੇ ਜਾ ਰਹੇ ਧਰਨੇ ’ਤੇ ਲੰਘੀ ਦੇਰ ਰਾਤ ਹਰਿਆਣਾ ਕਿਸਾਨ ਮੰਚ ਦੇ ਆਗੂ ਪ੍ਰਹਿਲਾਦ ਸਿੰਘ ਭਾਰੂ ਖੇੜਾ ਤੇ ਕਈ ਹੋਰ ਨੇਤਾਵਾਂ ਨੂੰ ਪੁਲੀਸ ਨੇ ਚੁੱਕ ਲਿਆ ਹੈ। ਪੁਲੀਸ ਵੱਲੋਂ ਕਿਸਾਨ ਨੇਤਾਵਾਂ ਦੀ ਫੜੋ-ਫੜੀ ਕੀਤੇ ਜਾਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਪੈਦਾ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਕਿਸਾਨ ਨੇਤਾ ਮਨਦੀਪ ਨਥਵਾਨ ਦੇ ਘਰ ਵੀ ਅੱਧੀ ਰਾਤ ਨੂੰ ਪੁਲੀਸ ਨੇ ਕੰਧ ਟੱਪ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਐੱਸਪੀ ਸਿੰਘ ਮਸੀਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸਾਨ ਸਭਾ ਦੇ ਆਗੂ ਸਵਰਨ ਸਿੰਘ ਵਿਰਕ ਨੇ ਦੱਸਿਆ ਹੈ ਕਿ ਸਿਰਸਾ, ਫਤਿਹਾਬਾਦ, ਕਰਨਾਲ, ਝੱਜਰ ਤੋਂ ਪੁਲੀਸ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਕਿਸਾਨ ਆਗੂੂਆਂ ਦੇ ਘਰਾਂ ’ਚ ਛਾਪੇ ਮਾਰੀ ਕੀਤੀ ਜਾ ਰਹੀ ਹੈ।