ਸੰਜੈ ਯਾਦਵ
ਗੁਰੂਗ੍ਰਾਮ, 19 ਜੁਲਾਈ
ਤਾਵਡੂ ਦੇ ਡੀਐੱਸਪੀ ਸੁਰਿੰਦਰ ਸਿੰਘ ਨੂੰ ਅੱਜ ਡੰਪਰ ਡਰਾਈਵਰ ਨੇ ਉਸ ਵੇਲੇ ਆਪਣੀ ਗੱਡੀ ਹੇਠ ਦੇ ਕੇ ਮਾਰ ਦਿੱਤਾ, ਜਦੋਂ ਉਸ ਨੂੰ ਰੋਕ ਕੇ ਕਾਗਜ਼ਾਤ ਮੰਗੇ ਗਏ। ਡੀਐੱਸਪੀ ਆਪਣੀ ਟੀਮ ਸਮੇਤ ਟੌਰੂ ਨੇੜੇ ਪਚਗਾਓਂ ਇਲਾਕੇ ‘ਚ ਅਰਾਵਲੀ ਪਹਾੜੀਆਂ ‘ਤੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਨ ਗਿਆ ਸੀ। ਸਵੇਰੇ 11.50 ਵਜੇ ਦੇ ਕਰੀਬ ਡੀਐੱਸਪੀ, ਦੋ ਪੁਲੀਸ ਕਰਮਚਾਰੀਆਂ, ਡਰਾਈਵਰ ਅਤੇ ਗੰਨਮੈਨ ਛਾਪਾ ਮਾਰਨ ਗਿਆ। ਉਸ ਨੇ ਡੰਪਰ ਨੂੰ ਦੇਖਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਸ ਨੇ ਡਰਾਈਵਰ ਤੋਂ ਕਾਗਜ਼ਾਤ ਮੰਗੇ ਪਰ ਡਰਾਈਵਰ ਨੇ ਗੱਡੀ ਭਜਾਉਣ ਵੇਲੇ ਡੀਐੱਸਪੀ ਨੂੰ ਹੇਠਾਂ ਦੇ ਕੇ ਮਾਰ ਦਿੱਤਾ ਤੇ ਫ਼ਰਾਰ ਹੋ ਗਿਆ। ਇਸ ਦੌਰਾਨ ਥਾਣਾ ਨੂਹ ਪੁਲੀਸ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਉਸ ਦੀ ਪਛਾਣ ਅੱਕੜ ਵਜੋਂ ਪਛਾਣ ਕੀਤੀ ਗਈ ਹੈ।ਨੂਹ ਜ਼ਿਲ੍ਹਾ ਮਾਈਨਿੰਗ ਮਾਫੀਆ ਵੱਲੋਂ ਪੁਲੀਸ ‘ਤੇ ਹਮਲਿਆਂ ਲਈ ਬਦਨਾਮ ਹੈ। ਰਾਜ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮ੍ਰਿਤਕ ਡੀਐੱਸਪੀ ਨੂੰ ਸ਼ਹੀਦ ਕਰਾਰ ਦੇ ਕੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਦੇ ਨਾਲ ਨਾਲ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।