ਪੱਤਰ ਪ੍ਰੇਰਕ
ਪੰਚਕੂਲਾ, 8 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸ਼ਾਮ ਪੰਚਕੂਲਾ ਸਥਿਤ ਸਟੇਟ ਪੁਲੀਸ ਦੇ ਹੈੱਡਕੁਆਰਟਰ ਵਿੱਚ ਰਾਜ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ। ਮੁੱਖ ਮੰਤਰੀ ਦੇ ਪਹੁੰਚਣ ’ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅਤੇ ਪੁਲੀਸ ਦੇ ਆਹਲਾ ਅਫ਼ਸਰਾਂ ਨੇ ਮੁੱਖ ਮੰਤਰੀ ਦਾ ਰਸ਼ਮੀ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਤੇ ਕਿਹਾ ਕਿ ਫ਼ੋਨ ਕਾਲਾਂ ਰਾਹੀਂ ਫਿਰੌਤੀ ਮੰਗਣ ਦੀਆਂ ਘਟਨਾਵਾਂ, ਨਾਜਾਇਜ਼ ਹਥਿਆਰਾਂ ਤੋਂ ਇਲਾਵਾ ਨਸ਼ੇ ਦੀ ਮੰਗ ਅਤੇ ਸਪਲਾਈ ਉੱਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ। ਖੱਟਰ ਨੇ ਇਹ ਵੀ ਕਿਹਾ ਕਿ ਪੁਲੀਸ ਦਾ ਇਨਫਰਾਟੈਕਚਰ ਵਧਾਇਆ ਜਾਵੇਗਾ। ਪੁਲੀਸ ਦੀ ਨਵੀਂ ਭਰਤੀ ਬਾਰੇ ਵੀ ਚਰਚਾ ਕੀਤੀ ਗਈ। ਇਸੇ ਦੌਰਾਨ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਸੋਨੀਪਤ ਵਿੱਚ ਹਰਿਆਣਾ ਰੋਡਵੇਜ਼ ਡਰਾਈਵਰ ਦੀ ਹੱਤਿਆ ਦਾ ਉਨ੍ਹਾਂ ਨੂੰ ਬੇਹੱਦ ਦੁੱਖ ਹੈ। ਇਸ ਸਬੰਧ ਵਿੱਚ ਪੁਲੀਸ ਕਾਰਵਾਈ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮ੍ਰਿਤਕ ਡਰਾਈਵਰ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ।