ਪੱਤਰ ਪ੍ਰੇਰਕ
ਕਾਲਾਂਵਾਲੀ, 30 ਅਕਤੂਬਰ
ਹਰਿਆਣਾ ’ਚ ਦੂਜੇ ਪੜਾਅ ਦੀਆਂ ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹਾ ਅੰਬਾਲਾ, ਚਰਖੀ ਦਾਦਰੀ, ਗੁਰੂਗ੍ਰਾਮ, ਕਰਨਾਲ, ਕੁਰੂਕਸ਼ੇਤਰ, ਰੇਵਾੜੀ, ਰੋਹਤਕ ਅਤੇ ਸਿਰਸਾ ਸਮੇਤ 9 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਦੇ ਮੈਂਬਰਾਂ ਲਈ 9 ਨਵੰਬਰ ਅਤੇ ਸਰਪੰਚ ਤੇ ਪੰਚ ਦੇ ਅਹੁਦਿਆਂ ਲਈ 12 ਨਵੰਬਰ ਨੂੰ ਵੋਟਾਂ ਪੈਣਗੀਆਂ ਪਰ ਹਰਿਆਣਾ ਦੇ ਚੋਣ ਕਮਿਸ਼ਨ ਵੱਲੋਂ ਉਪਰੋਕਤ ਤਰੀਕਾਂ ਨਿਸਚਿਤ ਕਰਨ ਸਮੇਂ 8 ਨਵੰਬਰ ਦੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ| ਹੁਣ ਸਰਕਾਰ ਦੇ ਹੁਕਮ ’ਤੇ ਕਈ ਗੁਰੂ ਨਾਨਕ ਨਾਮਲੇਵਾ ਸਿੱਖ ਮੁਲਾਜ਼ਮਾਂ ਨੂੰ ਚੋਣਾਂ ਦੌਰਾਨ 8 ਨਵੰਬਰ ਨੂੰ ਚੋਣ ਡਿਊਟੀ ’ਤੇ ਜਾਣਾ ਪਵੇਗਾ ਕਿਉਂਕਿ ਚੋਣ ਡਿਊਟੀ ’ਤੇ ਇਕ ਦਿਨ ਪਹਿਲਾਂ ਹਾਜ਼ਰੀ ਜ਼ਰੂੂਰੀ ਹੈ| ਇਸ ਸਬੰਧੀ ਰਾਸ਼ਟਰੀ ਗ੍ਰੰਥਾਲਿਆ ਸਭਾ ਹਰਿਆਣਾ ਦੇ ਸੂਬਾ ਪ੍ਰਧਾਨ ਮਾ. ਸੁਰਿੰਦਰ ਪਾਲ ਸਿੰਘ ਨੇ ਰੋਸ ਪ੍ਰਗਟਾਉਂਦਿਆਂ ਛੁੱਟੀ ਕਰਨ ਦੀ ਮੰਗ ਕੀਤੀ ਹੈ।