ਪੱਤਰ ਪ੍ਰੇਰਕ
ਕੁਰੂਕਸ਼ੇਤਰ, 27 ਸਤੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ 7 ਅਕਤੂਬਰ ਨੂੰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਵਾਉਣਗੇ। ਇਸ ਦੀ ਸਮਾਪਤੀ ’ਤੇ 9 ਅਕਤੂਬਰ ਨੂੰ ਹਰਿਆਣਾ ਕਮੇਟੀ ਸਿੱਖ ਸੰਗਤ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਤ ਕਰੇਗੀ। ਉਹ ਮੰਗਲਵਾਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿੱਚ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਪ੍ਰੋਗਰਾਮ ਕਾਰਨ ਕਮੇਟੀ ਦਾ 1 ਅਕਤੂਬਰ ਨੂੰ ਕੁਰੂਕਸ਼ੇਤਰ ਵਿੱਚ ਹੋਣ ਵਾਲਾ ਆਮ ਇਜਲਾਸ ਮੁਲਤਵੀ ਕਰ ਦਿੱਤਾ ਗਿਆ ਹੈ। ਕਮੇਟੀ ਦੇ ਆਮ ਅਜਲਾਸ ਦੀ ਨਵੀਂ ਮਿਤੀ ਦਾ ਐਲਾਨ ਨਾਢਾ ਸਾਹਿਬ ਵਿੱਚ ਹੋਣ ਵਾਲੇ ਪ੍ਰੋਗਰਾਮ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਨਾਢਾ ਸਾਹਿਬ ਵਿੱਚ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਗੇ। ਕੋਈ ਵੀ ਅਧਿਕਾਰੀ, ਮੈਂਬਰ ਕਿਸੇ ਵਿਰੁੱਧ ਬਿਆਨ ਨਹੀਂ ਦੇਵੇਗਾ। ਨਵੇਂ ਐਕਟ ਤਹਿਤ ਕੰਮ ਕਰਦੇ ਹੋਏ ਹਰਿਆਣਾ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਗੁਰਦੁਆਰਾ ਕਮੇਟੀ ਸੰਭਾਲੇਗੀ। ਇੱਕ ਸਵਾਲ ਦੇ ਜਵਾਬ ਵਿੱਚ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਰੱਖੀਆਂ ਗੁਰੂ ਦੀਆਂ ਗੋਲਕਾਂ ਨੂੰ ਨਿਯਮਾਂ ਅਨੁਸਾਰ ਖੋਲ੍ਹਿਆ ਜਾ ਰਿਹਾ ਹੈ ਅਤੇ ਸੰਗਤਾਂ ਦੇ ਚੜ੍ਹਾਵੇ ਦਾ ਸਾਰਾ ਹਿਸਾਬ-ਕਿਤਾਬ ਗੁਰਦੁਆਰੇ ਦੇ ਮੈਨੇਜਰਾਂ ਵੱਲੋਂ ਰੱਖਿਆ ਜਾ ਰਿਹਾ ਹੈ। ਇਸ ਮੌਕੇ ਪ੍ਰਗਟ ਸਿੰਘ ਸੋਢੀ, ਪਲਵਿੰਦਰ ਸਿੰਘ ਕਿਸ਼ਨਗੜ੍ਹ, ਸਹਬਿ ਸਿੰਘ ਖੇੜੀ ਗਾਜ਼ੀਆਂ, ਜੋਗਿੰਦਰ ਸਿੰਘ ਝੀਂਡਾ, ਆਜ਼ਾਦ ਸਿੰਘ ਲੋਹਾਰਾ, ਵਿਕਰਮ ਸਿੰਘ ਲੋਹਾਰਾ, ਮੇਜਰ ਸਿੰਘ, ਹਰਮੇਲ ਸਿੰਘ, ਸੁੱਖਾ ਸਿੰਘ ਹਾਜ਼ਰ ਸਨ |