ਪੱਤਰ ਪ੍ਰੇਰਕ
ਗੂਹਲਾ ਚੀਕਾ, 30 ਮਾਰਚ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜਕਾਰਨੀ ਦੀ ਸਾਲਾਨਾ ਬਜਟ ਸਬੰਧੀ ਮੀਟਿੰਗ ਅੱਜ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਚੀਕਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 2021-22 ਦੇ ਖਰਚੇ ਤੇ 2022-23 ਦਾ ਅਨੁਮਾਨਿਤ ਬਜਟ ਪਾਸ ਕੀਤਾ ਗਿਆ। ਬਜਟ ਪਾਸ ਕਰਨ ਮੌਕੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ, ਮੀਤ ਪ੍ਰਧਾਨ ਸਵਰਨ ਸਿੰਘ ਰਤੀਆ, ਜਨਰਲ ਸਕੱਤਰ ਜਸਬੀਰ ਸਿੰਘ ਭਾਟੀ ਤੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਸਰਬਸੰਮਤੀ ਨਾਲ ਪਿਛਲੇ ਸਾਲ ਨਾਲੋਂ 25 ਫ਼ੀਸਦ ਵਾਧੇ ਦਾ ਬਜਟ ਪਾਸ ਕੀਤਾ ਗਿਆ।
ਹਰਿਆਣਾ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਕਮੇਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪਹਿਲਾਂ ਹੋਈਆਂ ਘਪਲੇਬਾਜ਼ੀਆਂ ਦਾ ਪੈਸਾ ਮੁੜ ਗੁਰੂ ਦੀ ਗੋਲਕ ਵਿੱਚ ਪਵਾਇਆ ਹੈ। ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਕਾਲ ਵਿੱਚ 5 ਅਰਬ ਦੇ ਕਰੀਬ ਬਜਟ ਘਟਾ ਕੇ ਪੇਸ਼ ਕੀਤਾ ਗਿਆ ਹੈ, ਪਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਕਾਲ ਦੇ ਬਾਵਜੂਦ ਗੁਰੂ ਕੀ ਗੋਲਕ ਵਿੱਚ ਲੱਖਾਂ ਰੁਪਏ ਦਾ ਵਾਧਾ ਕਰਕੇ ਬਜਟ ਪਾਸ ਕੀਤਾ ਗਿਆ ਹੈ।