ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 25 ਜੁਲਾਈ
ਹਰਿਆਣਾ ਗਤਕਾ ਐਸੋਸੀਏਸ਼ਨ ਵਲੋਂ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਪਹਿਲੀ ਸੂਬਾ ਪੱਧਰੀ ਗਤਕਾ ਚੈਂਪੀਅਨਸ਼ਿਪ ਫਤਿਆਬਾਦ ਵਿਚ ਅਕਤੂਬਰ ਨੂੰ ਕਰਾਈ ਜਾਏਗੀ। ਉਸ ਤੋਂ ਪਹਿਲਾਂ ਕੁਰੂਕਸ਼ੇਤਰ ਵਿਚ ਹਰਿਆਣਾ ਦੇ ਰੈਫਰੀਆਂ ਦਾ ਰਾਜ ਪੱਧਰੀ ਗਤਕਾ ਰਿਫਰੈਸ਼ਰ ਕੋਰਸ ਕਰਾਇਆ ਜਾਏਗਾ। ਇਹ ਜਾਣਕਾਰੀ ਹਰਿਆਣਾ ਗਤਕਾ ਐਸੋਸੀਏਸ਼ਨ ਵਲੋਂ ਹਰਿਆਣਾ ਖੇਡ ਵਿਭਾਗ ਦੇ ਕੋਚ ਤੇ ਵੱਖ ਵੱਖ ਜ਼ਿਲ੍ਹਿਆਂ ਦੇ ਗਤਕਾ ਮੁਖੀਆਂ ਦੀ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨੈਸ਼ਨਲ ਗਤਕਾ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦਿੱਤੀ। ਗਰੇਵਾਲ ਨੇ ਬੈਠਕ ਵਿਚ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵਲੋਂ ਵੱਖ ਵੱਖ ਸੂਬਿਆਂ ਵਿਚ ਗਤਕੇ ਦੀ ਪ੍ਰਫੁੱਲਤਾ ਲਈ ਸੂਬੇ ਸਮੇਤ ਸਾਰੇ ਉਤਰੀ ਸੂਬਿਆਂ ਵਿਚ ਗਤਕਾ ਖੇਡ ਨੂੰ ਘਰ ਘਰ ਪਹੁੰਚਾਉਣ ਲਈ ਇਕ ਜਾਗਰੂਕਤਾ ਲਹਿਰ ਵਿੱਢੀ ਜਾਏਗੀ। ਕੰਵਲਜੀਤ ਸਿੰਘ ਅਜਰਾਣਾ ਤੇ ਸੁਖਚੈਨ ਸਿੰਘ ਕਲਸਾਣੀ ਨੇ ਸਮੂਹ ਕੋਚਾਂ ਤੇ ਜ਼ਿਲ੍ਹਾ ਮੁਖੀਆਂ ਨੂੰ ਕਿਹਾ ਕਿ ਉਹ ਆਪੇ ਆਪਣੇ ਜ਼ਿਲ੍ਹਿਆਂ ਵਿਚ ਗਤਕਾ ਸਿਖਲਾਈ ਕੈਂਪ ਲਾਉਣ ਜਿਸ ਲਈ ਐਸੋਸ਼ੀਏਸ਼ਨ ਵਲੋਂ ਮਾਹਿਰ ਕੋਚ ਭੇਜੇ ਜਾਣਗੇ। ਉਨ੍ਹਾਂ ਨੇ ਖੇਡ ਮੰਤਰੀ ਸੰਦੀਪ ਸਿੰਘ ਵਲੋਂ ਸੂਬੇ ਵਿਚ ਗਤਕਾ ਨਰਸਰੀਆਂ ਸ਼ੁਰੂ ਕਰਾਉਣ ਲਈ ਧੰਨਵਾਦ ਕੀਤਾ ਤੇ ਮੰਗ ਕੀਤੀ ਕਿ ਸੂਬੇ ਵਿਚ ਗਤਕੇ ਦੀ ਪ੍ਰਫੁਲਤਾ ਲਈ ਪੰਜਾਬ ਦੀ ਤਰ੍ਹਾਂ ਸੂਬਾ ਸਰਕਾਰ ਵੀ ਗਤਕਾ ਖੇਡ ਨੂੰ ਵੀ ਗ੍ਰੇਡੇਸ਼ਨ ਸੂਚੀ ਵਿਚ ਸ਼ਾਮਲ ਕਰੇ ਤਾਂ ਜੋ ਗਤਕਾ ਖਿਡਾਰੀ ਵੀ ਖੇਡ ਕੋਟੇ ਦਾ ਲਾਹਾ ਲੈ ਸਕਣ। ਇਸ ਤੋਂ ਇਲਾਵਾ ਸੂਬਾ ਸਰਕਾਰ ਹਰ ਜ਼ਿਲੇ ਵਿਚ ਗਤਕਾ ਸਿਖਲਾਈ ਅਕੈਡਮੀਆਂ ਵੀ ਖੋਲ੍ਹੇ।