ਮਹਿੰਦਰਗੜ੍ਹ, 9 ਸਤੰਬਰ
ਹਰਿਆਣਾ ਤੇ ਉਤਰ ਪ੍ਰਦੇਸ਼ ਵਿਚ ਅੱਜ ਗਣੇਸ਼ ਦੀ ਮੂਰਤੀ ਜਲ ਪ੍ਰਵਾਹ ਕਰਦਿਆਂ ਅੱਜ 15 ਜਣਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮਹਿੰਦਰਗੜ੍ਹ ਜ਼ਿਲ੍ਹੇ ਵਿਚ ਚਾਰ ਜਣਿਆਂ ਦੇ ਡੁੱਬਣ ਤੇ ਚਾਰ ਜਣਿਆਂ ਦੇ ਗੰਭੀਰ ਹੋਣ ਦੀ ਖਬਰ ਹੈ। ਜਦਕਿ ਸੋਨੀਪਤ ਵਿਚ ਯਮੁਨਾ ਨਦੀ ਵਿਚ ਮੂਰਤੀ ਜਲ ਪ੍ਰਵਾਹ ਕਰਦਿਆਂ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਉਤਰ ਪ੍ਰਦੇਸ਼ ਵਿਚ ਵੱਖ ਵੱਖ ਥਾਈਂ ਮੂਰਤੀਆਂ ਜਲ ਪ੍ਰਵਾਹ ਕਰਦਿਆਂ ਅੱਠ ਜਣਿਆਂ ਦੀ ਮੌਤ ਹੋ ਗਈ।
ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਅੱਜ ਗਣਪਤੀ ਦੀ ਮੂਰਤੀ ਜਲ ਪ੍ਰਵਾਹ ਕਰਨ ਵੇਲੇ ਨੌਂ ਜਣੇ ਪਾਣੀ ਵਿਚ ਰੁੜ੍ਹ ਗਏ ਜਿਨ੍ਹਾਂ ਵਿਚੋਂ ਚਾਰ ਦੀ ਮੌਤ ਹੋ ਗਈ। ਇਹ ਹਾਦਸਾ ਕਨੀਨਾ ਰੇਵਾੜੀ ਸੜਕ ’ਤੇ ਝਗੜੌਲੀ ਪਿੰਡ ਵਿਚ ਵਾਪਰਿਆ। ਡੁੱਬਣ ਦੀ ਖਬਰ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਇਹ ਜਾਣਕਾਰੀ ਮਿਲੀ ਹੈ ਕਿ ਗਣੇਸ਼ ਦੀ ਮੂਰਤੀ ਜਲ ਪ੍ਰਵਾਹ ਕਰਨ ਵੱਡੀ ਗਿਣਤੀ ਲੋਕ ਆਏ ਸਨ ਪਰ ਕੁਝ ਜਣੇ ਡੂੰਘੇ ਪਾਣੀ ਵਿਚ ਚਲੇ ਗਏ ਤੇ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਏ। ਇਸ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਜਦਕਿ ਚਾਰ ਜਣਿਆਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।