ਆਤਿਸ਼ ਗੁਪਤਾ
ਚੰਡੀਗੜ੍ਹ, 2 ਅਗਸਤ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਥਾਂ-ਥਾਂ ’ਤੇ ਅੰਦੋਲਨ ਕੀਤਾ ਜਾ ਰਹੇ ਹਨ। ਉਸ ਦੇ ਨਾਲ ਹੀ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਵਿਰੋਧ ਕਰਦਿਆਂ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਨਿਵੇਕਲੀ ਪਹਿਲ ਕੀਤੀ ਹੈ। ਉਨ੍ਹਾਂ ਵੱਲੋਂ ਆਪਣੇ ਪਿੰਡ ਅਤੇ ਸ਼ਹਿਰ ਤੋਂ ਪੈਦਲ ਕਾਂਵੜ ਰਾਹੀ ਪਿੰਡਾਂ ਦੀ ਮਿੱਟੀ ਅਤੇ ਪਾਣੀ ਨੂੰ ਦਿੱਲੀ ਮੋਰਚੇ ’ਤੇ ਲਿਜਾਇਆ ਜਾ ਰਿਹਾ ਹੈ। ਅੱਜ ਜੀਂਦ ਦੇ ਖਟਕੜ ਟੌਲ ਪਲਾਜ਼ਾ ਤੋਂ ਸੈਂਕੜੇ ਨੌਜਵਾਨਾਂ ਦਾ ਜੱਥਾ ਕਾਂਵੜ ਲੈ ਕੇ ਦਿੱਲੀ ਮੋਰਚੇ ਲਈ ਰਵਾਨਾ ਹੋਇਆ ਹੈ। ਇਹ ਕਾਂਵੜ ਯਾਤਰਾ ਪਹਿਲਾਂ ਟਿਕਰੀ, ਸਿੰਘੂ ਤੋਂ ਹੁੰਦੇ ਹੋਏ ਗਾਜ਼ੀਪੁਰ ਮੋਰਚੇ ’ਤੇ ਖ਼ਤਮ ਕੀਤੀ ਜਾਵੇਗੀ। ਇਸ ਵਿੱਚ ਸੈਂਕੜੇ ਨੌਜਵਾਨ ਹਿੱਸਾ ਲੈ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸਤਬਿੀਰ ਪਹਿਲਵਾਨ ਨੇ ਦੱਸਿਆ ਕਿ ਦੇਸ਼ ਦਾ ਅੰਨਦਾਤਾ ਪਿਛਲੇ 8 ਮਹੀਨਿਆਂ ਤੋਂ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰ ਰਿਹਾ ਹੈ। ਪਰ ਕੇਂਦਰ ਸਰਕਾਰ ਉਨ੍ਹਾਂ ਨਾਲ ਗੱਲ ਕਰਨ ਦੀ ਥਾਂ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਕੇਂਦਰ ਦੀਆਂ ਲੋਕ ਵਿਰੋਧੀ ਚਾਲਾਂ ਵਿੱਚ ਆਉਣ ਵਾਲੇ ਨਹੀਂ ਹਨ। ਇਸ ਅੰਦੋਲਨ ਵਿੱਚ ਬਜ਼ੁਰਗ, ਨੌਜਵਾਨ, ਔਰਤਾਂ, ਮਜ਼ਦੂਰਾਂ ਸਣੇ ਹਰ ਵਰਗ ਦੇ ਲੋਕ ਸ਼ਾਮਲ ਹਨ। ਕਿਸਾਨ ਆਗੂ ਨੇ ਦੱਸਿਆ ਕਿ ਕਰੋਨਾ ਕਰਕੇ ਹਰਿਦੁਆਰ ਤੋਂ ਕਾਵੜ ਯਾਤਰਾ ’ਤੇ ਪਾਬੰਦੀ ਲਗਾਈ ਗਈ ਹੈ। ਪਰ ਕਿਸਾਨ ਦਿੱਲੀ ਬਾਰਡਰ ਨੂੰ ਤੀਰਥ ਸਥਾਨ ਮੰਨਦੇ ਹੋਏ ਆਪਣੇ ਪਿੰਡਾਂ ਦੀ ਮਿੱਟੀ ਅਤੇ ਪਾਣੀ ਲੈ ਕੇ ਦਿੱਲੀ ਬਾਰਡਰ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨ ਕਾਂਵੜ ਯਾਤਰਾ ਦੌਰਾਨ ਪੈਦਲ ਦਿੱਲੀ ਪਹੁੰਚਣਗੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਵੀ ਆਜ਼ਾਦ ਨੇ ਦੱਸਿਆ ਕਿ ਕੇਂਦਰ ਸਰਕਾਰ ਸੋਚ ਰਹੀ ਹੈ ਕਿ ਅੰਦੋਲਨ ਨੂੰ ਲਟਕਾਉਣ ਨਾਲ ਅੰਦੋਲਨ ਖ਼ਤਮ ਹੋ ਜਾਵੇਗਾ। ਇਸ ਨਾਲ ਅੰਦੋਲਨ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨਾਂ ਦੇ ਜਥੇ ਕਾਂਵੜ ਲੈ ਕੇ ਪੈਦਲ ਦਿੱਲੀ ਪਹੁੰਚ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੰਗਾਂ ਮੰਨਣ ਦੀ ਥਾਂ ਲੋਕ ਵਿਰੋਧੀ ਫ਼ੈਸਲੇ ਲੈਣ ਲੱਗੀ ਹੋਈ ਹੈ। ਕਿਸਾਨ ਆਪਣੇ ਅਧਿਕਾਰਾਂ ਲਈ ਲੜਾਈ ਲੜ ਰਿਹਾ ਹੈ, ਉਹ ਪਿੱਛੇ ਹਟਣ ਵਾਲਾ ਨਹੀਂ ਹੈ। ਰਵੀ ਆਜ਼ਾਦ ਨੇ ਕਿਹਾ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਉਦੋਂ ਤੱਕ ਕਿਸਾਨ ਅੰਦੋਲਨ ਚੱਲਦਾ ਰਹੇਗਾ।
ਚਰਖੀ ਦਾਦਰੀ ਵਿੱਚ ਕਿਸਾਨਾਂ ਨੇ ਭਾਜਪਾ ਆਗੂ ਬਬੀਤਾ ਫੋਗਾਟ ਨੂੰ ਕਾਲੇ ਝੰਡੇ ਦਿਖਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਚਰਖੀ ਦਾਦਰੀ ਵਿੱਚ ਭਾਜਪਾ ਨੇਤਾ ਬਬੀਤਾ ਫੋਗਾਟ ਦਾ ਵਿਰੋਧ ਕੀਤਾ। ਇਸ ਦੌਰਾਨ ਕਿਸਾਨਾਂ ਨੇ ਬਬੀਤਾ ਫੋਗਾਟ ਨੂੰ ਕਾਲੇ ਝੰਡੇ ਦਿਖਾਏ। ਪ੍ਰਾਪਤ ਜਾਣਕਾਰੀ ਅਨੁਸਾਰ ਬਬੀਤਾ ਫੋਗਾਟ ਚਰਖੀ ਦਾਦਰੀ ਦੇ ਗੈਸਟ ਹਾਊਸ ਵਿੱਚ ਭਾਜਪਾ ਆਗੂਆਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਜਿਸ ਬਾਰੇ ਜਾਣਕਾਰੀ ਮਿਲਦੇ ਹੀ ਕਿਸਾਨ ਜਥੇਬੰਦੀਆਂ ਨੇ ਰੈਸਟ ਹਾਊਸ ਦਾ ਘਿਰਾਓ ਕੀਤਾ। ਪੁਲੀਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਅਤੇ ਪੁਲੀਸ ਵਿਚਕਾਰ ਖਿੱਚ-ਧੂਹ ਹੋਈ ਅਤੇ ਕਿਸਾਨਾਂ ਨੇ ਪੁਲੀਸ ਦੇ ਬੈਰੀਕੇਡ ਤੋੜ ਕੇ ਰੈਸਟ ਹਾਊਸ ਦਾ ਘਿਰਾਓ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾ ਕਿਸਾਨ ਆਗੂ ਵੀ ਹਾਜ਼ਰ ਸਨ।