ਆਤਿਸ਼ ਗੁਪਤਾ
ਚੰਡੀਗੜ੍ਹ, 8 ਜੂਨ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ 6 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਹਰਿਆਣਾ ਵਿੱਚ ਨਿਵੇਕਲੇ ਰੂਪ ’ਚ ਦਿਖਾਈ ਦੇਣ ਲੱਗਾ ਹੈ। ਕਿਸਾਨਾਂ ਨੇ ਸੱਤਾਧਾਰੀ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਣੇ ਹੋਰਨਾਂ ਆਗੂਆਂ ਵਿਰੁੱਧ ਟੋਹਾਣਾ ਵਿੱਚ ਪੋਸਟਰ ਲਗਾ ਦਿੱਤੇ ਹਨ। ਕਿਸਾਨਾਂ ਨੇ ਪੋਸਟਰਾਂ ’ਤੇ ਜੁੱਤੀਆਂ ਦੇ ਹਾਰ ਵੀ ਪਾਏ ਹੋਏ ਹਨ। ਇਸ ਤੋਂ ਪਹਿਲਾਂ ਹਰਿਆਣਾ ਵਿੱਚ ਕਿਸਾਨਾਂ ਨੇ ਪਿੰਡਾਂ ਦੇ ਬਾਹਰ ਭਾਜਪਾ ਅਤੇ ਜੇਜੇਪੀ ਆਗੂਆਂ ਦੇ ਦਾਖਲੇ ’ਤੇ ਪਾਬੰਦੀ ਦੇ ਬੋਰਡ ਲਗਾਏ ਸਨ।
ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਸੂਬੇ ਭਰ ਵਿੱਚ ਟੌਲ ਪਲਾਜ਼ਿਆਂ, ਭਾਜਪਾ/ਜੇਜੇਪੀ ਆਗੂਆਂ ਦੇ ਘਰਾਂ-ਦਫ਼ਤਰਾਂ ਮੂਹਰੇ, ਕਾਰਪੋਰੇਟ ਘਰਾਣਿਆਂ ਦੇ ਟਿਕਾਣਿਆਂ ਦੇ ਬਾਹਰ ਕਰੀਬ 100 ਥਾਵਾਂ ’ਤੇ ਧਰਨੇ ਪ੍ਰਦਰਸ਼ਨ ਜਾਰੀ ਹਨ। ਭਾਜਪਾ ਅਤੇ ਜੇਜੇਪੀ ਆਗੂਆਂ ਦੇ ਰਾਜਨੀਤਕ ਅਤੇ ਸਰਕਾਰੀ ਸਮਾਗਮਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੱਲੋਂ ਜੇਜੇਪੀ ਵਿਧਾਇਕ ਦਵਿੰਦਰ ਬਬਲੀ ਦੇ ਵਿਰੋਧ ਦੀ ਘਟਨਾ ਤੋਂ ਬਾਅਦ ਕਿਸਾਨਾਂ ਅਤੇ ਸਰਕਾਰ ਵਿਚਕਾਰ ਟਕਰਾਅ ਵਧ ਗਿਆ ਹੈ। ਭਾਵੇਂ ਵਿਧਾਇਕ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਪਰ ਕਿਸਾਨਾਂ ਦੇ ਮਨਾਂ ਵਿੱਚ ਗੁੱਸਾ ਬਰਕਰਾਰ ਹੈ।