ਪੀਪੀ ਵਰਮਾ
ਪੰਚਕੂਲਾ, 22 ਮਾਰਚ
ਹਰਿਆਣਾ ਕਾਂਗਰਸ ਦੇ ਮੀਤ ਪ੍ਰਧਾਨ ਸੁਰੇਸ਼ ਗਰਗ ਅਤੇ ਹਰਿਆਣਾ ਕਾਂਗਰਸ ਲੀਗਲ ਸੈੱਲ ਦੇ ਸੂਬਾ ਜਨਰਲ ਸਕੱਤਰ ਦਿਨੇਸ਼ ਜਾਂਗੜਾ ਅੱਜ ਪਾਰਟੀ ਛੱਡ ਕੇ ਆਪਣੇ ਸੈਂਕੜੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ‘ਆਪ’ ਦੇ ਹਰਿਆਣਾ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਅਤੇ ਗ੍ਰੇਟਰ ਦਿੱਲੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਸੁਰੇਸ਼ ਗਰਗ ਨੂੰ ਪਾਰਟੀ ’ਚ ਸ਼ਾਮਲ ਕਰ ਲਿਆ ਹੈ।
ਇਸ ਮੌਕੇ ਸੁਰੇਸ਼ ਗਰਗ ਅਤੇ ਦਿਨੇਸ਼ ਜਾਂਗੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਸਮਰਥਕ ਵੀ ‘ਆਪ’ ਵਿੱਚ ਸ਼ਾਮਲ ਹੋਏ ਹਨ। ਸੁਰੇਸ਼ ਗਰਗ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਵਿੱਚ ਹਲਚਲ ਮਚ ਗਈ ਹੈ। ਹਰਿਆਣਾ ਦੇ ਨਵ-ਨਿਯੁਕਤ ਚੋਣ ਇੰਚਾਰਜ ਸੌਰਭ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਇੱਕ ਇਮਾਨਦਾਰ ਸਰਕਾਰ ਬਣਾਉਣ ਦਾ ਕੰਮ ਕੀਤਾ ਹੈ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਯੋਗੇਸ਼ਵਰ ਸ਼ਰਮਾ ਨੇ ਵੀ ਕਾਂਗਰਸ ਛੱਡ ਕੇ ਆਏ ਸੁਰੇਸ਼ ਗਰਗ ਅਤੇ ਦਿਨੇਸ਼ ਜਾਂਗੜਾ ਦਾ ਸਵਾਗਤ ਕੀਤਾ।