ਚੰਡੀਗੜ੍ਹ, 24 ਅਪਰੈਲ
ਕਾਂਗਰਸ ਨੇ ਅੱਜ ਹਰਿਆਣਾ ਸਰਕਾਰ ਵੱਲੋਂ ਕਣਕ ਦੀ ਰਹਿੰਦ-ਖੂੰਹਦ (ਤੂੜੀ) ਨੂੰ ਸੂਬੇ ਤੋਂ ਬਾਹਰ ਵੇਚਣ ਉਤੇ ਲਾਈ ਪਾਬੰਦੀ ਨੂੰ ਤਾਨਾਸ਼ਾਹ ਫ਼ੈਸਲਾ ਕਰਾਰ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ‘ਤੂੜੀ’ ਨੂੰ ਰਾਜ ਤੋਂ ਬਾਹਰ ਵੇਚਣ ਉਤੇ ਪਾਬੰਦੀ ਲਾਉਣਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਤਾਨਾਸ਼ਾਹੀ ਫੈਸਲਾ ਹੈ। ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਤੂੜੀ ਪਸ਼ੂਆਂ ਦੀ ਖੁਰਾਕ ਲਈ ਵਰਤੀ ਜਾਂਦੀ ਹੈ। ਸੂਬੇ ਦੀ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਰਾਜ ਸਰਕਾਰ ਨੇ ਤੂੜੀ ਬਾਹਰ ਵੇਚਣ ਉਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ੈਲਜਾ ਨੇ ਕਿਹਾ ਕਿ ਗਰਮੀ ਜਲਦੀ ਆਉਣ ਕਾਰਨ ਇਸ ਵਾਰ ਕਣਕ ਦੀ ਪੈਦਾਵਾਰ ਘਟੀ ਹੈ। ਪਹਿਲਾਂ ਕਿਸਾਨਾਂ ਨੂੰ ਮੀਂਹ ਤੇ ਗੜਿਆਂ ਕਾਰਨ ਮੁਸ਼ਕਲ ਹੋਈ ਸੀ ਹੁਣ ਤਾਪਮਾਨ ਵਧਣ ਕਾਰਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸਰਕਾਰ ਕੋਈ ਰਾਹਤ ਨਹੀਂ ਦੇ ਰਹੀ। ਸ਼ੈਲਜਾ ਨੇ ਕਿਹਾ ਕਿ ਕਿਸਾਨ ਨੂੰ ਤੂੜੀ ਵੇਚ ਕੇ ਕੁਝ ਰਾਹਤ ਮਿਲਦੀ ਪਰ ਹੁਣ ਇਸ ਰੋਕ ਨਾਲ ਅੜਿੱਕਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹਤ ਦੇਣ ਦੀ ਬਜਾਏ ਸਰਕਾਰ ਪ੍ਰੇਸ਼ਾਨ ਕਰ ਰਹੀ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਸਰਕਾਰ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। -ਪੀਟੀਆਈ