ਰਾਮ ਮਿੱਤਲ
ਗੂਹਲਾ ਚੀਕਾ, 24 ਸਤਬੰਰ
ਟੋਕੀਓ-2021 ਵਿੱਚ ਹੋਈਆਂ ਪੈਰਾ ਓਲਿੰਪਕ ਦੌਰਾਨ ਤੀਰ ਅੰਦਾਜ਼ੀ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਹਰਵਿੰਦਰ ਸਿੰਘ ਦਾ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਕੈਥਲ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੋਲੈਂਡ ਵਿੱਚ ਹੋਈਆਂ ਖੇਡਾਂ ਦੌਰਾਨ ਭਾਰਤ ਵੱਲੋਂ ਖੇਡਣ ਵਾਲੀਆਂ ਦੋ ਬੱਚੀਆਂ ਕਵਿਤਾ ਅਤੇ ਤਨੀਸ਼ਾ ਵਰਮਾ ਦਾ ਵੀ ਸਨਮਾਨ ਕੀਤਾ ਗਿਆ। ਤਿੰਨੇ ਖਿਡਾਰੀ ਗੁਰਦੁਆਰਾ ਸਾਹਿਬ ਵਿੱਚ ਪਰਿਵਾਰਾਂ ਸਮੇਤ ਹਾਜ਼ਰ ਸਨ। ਹਰਿਆਣਾ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਵੱਲੋਂ ਟੋਕੀਓ ਪੈਰਾ ਓਲੰਪਿਕ ਖੇਡਣ ਵਾਲੇ ਸਾਰੇ ਭਾਰਤੀ ਖਿਡਾਰੀਆਂ ’ਚ ਇੱਕੋ ਇੱਕ ਸਿੱਖ ਸਰਦਾਰ ਹਰਵਿੰਦਰ ਸਿੰਘ ਖੇਡਣ ਵਾਸਤੇ ਗਿਆ ਸੀ, ਜਿਸ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ਪੈਰਾ ਓਲਿੰਪਕ ਵਿੱਚ ਤੀਰ ਅੰਦਾਜ਼ੀ ’ਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਹਰਵਿੰਦਰ ਸਿੰਘ ਦੀ ਜਿੱਤ ’ਤੇ ਹਰਿਆਣਾ ਵਾਸੀਆਂ ਸਹਿਤ ਸਮੁੱਚੇ ਦੇਸ਼ ਵਾਸੀਆਂ ਨੂੰ ਬਹੁਤ ਖੁਸ਼ੀ ਹੋਈ ਹੈ। ਇਸ ਲਈ ਅੱਜ ਉਨ੍ਹਾਂ ਦਾ ਹਰਿਆਣਾ ਕਮੇਟੀ ਦੇ ਮੁੱਖ ਦਫਤਰ ਵਿੱਚ ਸਨਮਾਨ ਕੀਤਾ ਗਿਆ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਹਰਵਿੰਦਰ ਸਿੰਘ ਵਰਗੇ ਨੌਜਵਾਨ ਸਾਡੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫ਼ਤ ’ਚੋਂ ਨਿਕਲ ਕੇ ਖੇਡਾਂ ਵਾਲੇ ਪਾਸੇ ਮੱਲਾਂ ਮਾਰਨੀਆਂ ਚਾਹੀਦੀਆਂ ਹਨ। ਸਨਮਾਨ ਕਰਨ ਸਮੇਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਵਰਨ ਸਿੰਘ ਰਤੀਆ, ਕਾਰਜਕਾਰਨੀ ਮੈਂਬਰ ਸਤਪਾਲ ਸਿੰਘ ਰਾਮਗੜੀਆ ਪਿਹੋਵਾ, ਮੈਂਬਰ ਬੀਬੀ ਬਲਜਿੰਦਰ ਕੌਰ ਖਾਲਸਾ, ਬੀਬੀ ਅੰਮ੍ਰਿਤ ਕੌਰ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੀਕਾ ਆਦਿ ਹਾਜ਼ਰ ਸਨ।