ਆਤਿਸ਼ ਗੁਪਤਾ
ਚੰਡੀਗੜ੍ਹ, 5 ਮਈ
ਹਰਿਆਣਾ ਵਿੱਚ 7 ਦਿਨਾਂ ਦੀ ਮੁਕੰਮਲ ਤਾਲਾਬੰਦੀ ਦੌਰਾਨ ਭਾਜਪਾ ਆਗੂਆਂ ਨੇ ਅੱਜ ਆਪਣੀ ਹੀ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰਾਂ ’ਤੇ ਹੋਏ ਹਮਲਿਆਂ ਖ਼ਿਲਾਫ਼ ਭਾਜਪਾ ਆਗੂਆਂ ਨੇ ਹਰਿਆਣਾ ’ਚ ਧਰਨੇ ਦਿੱਤੇ। ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਕਰੋਨਾਵਾਇਰਸ ਦੀ ਰੋਕਥਾਮ ਲਈ ਤਾਲਾਬੰਦੀ ਕੀਤੀ ਗਈ ਹੈ। ਇਸ ਦੌਰਾਨ ਲੋਕਾਂ ਦੇ ਘਰੋਂ ਬਾਹਰ ਨਿਕਲਣ ’ਤੇ ਪਾਬੰਦੀ ਲਗਾਈ ਗਈ ਹੈ ਪਰ ਭਾਜਪਾ ਨੇਤਾਵਾਂ ਨੇ ਬਿਨਾਂ ਕਿਸੇ ਨਿਯਮ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਭਰ ਵਿੱਚ ਅੱਜ ਧਰਨੇ ਦਿੱਤੇ। ਭਾਜਪਾ ਆਗੂਆਂ ਨੇ ਕਿਹਾ ਕਿ ਉਨ੍ਹਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਧਰਨੇ ਦਿੱਤੇ ਹਨ। ਪੱਛਮੀ ਬੰਗਾਲ ’ਚ ਚੋਣਾਂ ਮਗਰੋਂ ਹੋਈਆਂ ਹਿੰਸਕ ਘਟਨਾਵਾਂ ਦੇ ਵਿਰੋਧ ਵਿੱਚ ਭਾਜਪਾ ਨੇ ਦੇਸ਼ ਵਿੱਚ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਅੱਜ ਧਰਨੇ ਦਿੱਤੇ। ਹਰਿਆਣਾ ਦੇ ਝੱਜਰ ਵਿੱਚ ਭਾਜਪਾ ਆਗੂ ਓ ਪੀ ਧਨਖੜ, ਪੰਚਕੂਲਾ ਵਿੱਚ ਕੇਂਦਰੀ ਮੰਤਰੀ ਰਤਨ ਲਾਲ ਕਟਾਰੀਆ, ਰੋਹਤਕ ’ਚ ਸੰਸਦ ਮੈਂਬਰ ਅਰਵਿੰਦ ਸ਼ਰਮਾ, ਕੁਰੂਕਸ਼ੇਤਰ ਵਿੱਚ ਸੰਸਦ ਮੈਂਬਰ ਨਾਇਬ ਸੈਣੀ ਅਤੇ ਵਿਸ਼ਵ ਬੇਦੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਤੇ ਵਰਕਰਾਂ ਨੇ ਧਰਨੇ ਦਿੱਤੇ। ਅੰਬਾਲਾ ਵਿੱਚ ਵਿਧਾਇਕ ਅਸੀਮ ਗੋਇਲ, ਕੈਥਲ ’ਚ ਵਿਧਾਇਕ ਲੀਲਾ ਰਾਮ, ਸਿਰਸਾ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਾਬਕਾ ਰਾਜਨੀਤਕ ਸਲਾਹਕਾਰ ਜਗਦੀਸ਼ ਚੋਪੜਾ ਆਪਣੇ ਸਮਰਥਕਾਂ ਨਾਲ ਪੱਛਮੀ ਬੰਗਾਲ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿੰਦਾ ਕਰਦੇ ਦਿਖਾਈ ਦਿੱਤੇ। ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਵਿੱਚ ਹਿੰਸਾ ਲਈ ਟੀਐੱਮਸੀ ਜ਼ਿੰਮੇਵਾਰ ਹੈ। ਉਨ੍ਹਾਂ ਹਿੰਸਕ ਘਟਨਾਵਾਂ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਲਈ ਕਿਹਾ।